ਧਰਮਗੜ੍ਹ ਥਾਣੇ ਮੂਹਰੇ ਧਰਨਾ ਤੀਜੇ ਦਿਨ ਵੀ ਰਿਹਾ ਜਾਰੀ
ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬਿਜਲੀ ਸੋਧ ਬਿਲ 2025 ਨੂੰ ਲਾਗੂ ਨਹੀਂ ਕਰਨ ਦੇਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਸਰਕਾਰਾਂ ਬਿਜਲੀ ਬੋਰਡ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਤਿਆਰੀ ਕਰ ਰਹੀਆਂ ਹਨ। ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਵੱਲੋਂ ਥਾਣਾ ਧਰਮਗੜ੍ਹ ਸਾਹਮਣੇ ਦਿੱਤੇ ਜਾ ਰਹੇ ਲਗਾਤਾਰ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ , ਸੁਖਪਾਲ ਸਿੰਘ ਮਾਣਕ, ਰਾਮ ਸ਼ਰਨ ਸਿੰਘ ਉਗਰਾਹਾਂ, ਯਾਦਵਿੰਦਰ ਸਿੰਘ ਚੱਠੇ ਨਕਟੇ, ਭਗਵਾਨ ਸਿੰਘ ਸੁਨਾਮ ਅਤੇ ਚਰਨਜੀਤ ਕੌਰ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਬਿਜਲੀ ਐਕਟ 2025 ਨੂੰ ਲਾਗੂ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਸਹੂਲਤ ਬੰਦ ਕਰਨ ਦਾ ਰਾਹ ਤਰਾਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਤਿਆਰੀ ਕਰ ਲਈ ਗਈ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਬਿਜਲੀ ਸੋਧ ਬਿਲ 2025 ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 8 ਦਸੰਬਰ ਨੂੰ ਪਾਵਰਕਾਮ ਦੇ ਚੀਮਾਂ ਅਤੇ ਸੁਨਾਮ ਦਫ਼ਤਰ ਅੱਗੇ ਇਕ ਰੋਜ਼ਾ ਧਰਨੇ ਦਿੱਤੇ ਜਾਣਗੇ। ਜਥੇਬੰਦੀ ਦੇ ਬਲਾਕ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਨੇ ਦੱਸਿਆ ਕਿ ਬਿਜਲੀ ਬੋਰਡ ਦਫ਼ਤਰਾਂ ਸਾਹਮਣੇ ਧਰਨਿਆਂ ਦੀ ਤਿਆਰੀ ਨੂੰ ਲੈਕੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਿੰਡ ਗੰਢੂਆਂ ਦੇ ਕਿਸਾਨਾਂ ਨਾਲ ਕੌਣ ਬਣੇਗਾ ਕਰੋੜਪਤੀ ਤਹਿਤ ਵੱਜੀ ਠੱਗੀ ਦਾ ਇਨਸਾਫ ਦਿਵਾਉਣ ਲਈ ਥਾਣਾ ਧਰਮਗੜ੍ਹ ਸਾਹਮਣੇ ਧਰਨਾ ਜਾਰੀ ਰਹੇਗਾ। ਉਨ੍ਹਾਂ ਆਖਿਆ ਕਿ ਪੁਲਿਸ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਨਹੀਂ ਕਰ ਰਹੀ।