ਸੁਨਾਮ : ਬਖ਼ਸ਼ੀਵਾਲਾ ਰੋਡ ਤੇ ਸੁਨਾਮ ਦੀਆਂ ਬਰੂਹਾਂ ਤੇ ਸਥਿਤ ਨਗਰ ਕੌਂਸਲ ਵੱਲੋਂ ਸਥਾਪਿਤ ਕੀਤੇ ਕੂੜੇ ਦੇ ਡੰਪ ਨੂੰ ਅੱਗ ਲੱਗੀ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸ਼ਹਿਰ ਸਮੇਤ ਇਲਾਕੇ ਅੰਦਰ ਲੋਕ ਪਹਿਲਾਂ ਹੀ ਬਿਮਾਰੀਆਂ ਤੋਂ ਪੀੜਤ ਹਨ। ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਸੂਬਾਈ ਆਗੂ ਕਾਮਰੇਡ ਹਰਦੇਵ ਸਿੰਘ ਬਖਸ਼ੀਵਾਲਾ ਅਤੇ ਸੀ ਪੀ ਆਈ (ਐੱਮ) ਦੇ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਬਖਸ਼ੀਵਾਲਾ ਰੋਡ ਤੇ ਨਗਰ ਕੌਂਸਲ ਵੱਲੋਂ ਬਣੇ ਕੂੜੇ ਦੇ ਮੇਨ ਡੰਪ ਵਿਚ ਪਿਛਲੇ 2-3 ਦਿਨਾਂ ਤੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਅਤੇ ਕੂੜੇ ਦੀ ਰਹਿੰਦ ਖੂਹੰਦ ਨੂੰ ਲੱਗੀ ਅੱਗ ਬੀਮਾਰੀਆਂ ਨੂੰ ਸੱਦਾ ਦੇ ਰਹੀ ਹੈ, ਜਿਸ ਕਾਰਨ ਸਥਾਨਕ ਲੋਕਾਂ ਅਤੇ ਰਾਹਗੀਰਾਂ ਦਾ ਜਿਓਣਾ ਮੁਸ਼ਕਿਲ ਹੋਇਆ ਪਿਆ ਹੈ, ਉੱਥੋਂ ਨਿਕਲ ਰਿਹਾ ਧੂੰਆਂ ਅਤੇ ਉਸ ਦੀ ਭੈੜੀ ਬਦਬੂ ਕਾਰਨ ਰਾਹਗੀਰਾਂ ਨੂੰ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ। ਕਮਿਊਨਿਸਟ ਆਗੂਆਂ ਨੇ ਕਿਹਾ ਪਿਛਲੇ 2-3 ਮਹੀਨੇ ਤੋਂ ਸੁਨਾਮ ਅਤੇ ਇਲਾਕੇ ਦੇ ਲੋਕ ਬੁਖਾਰ ਅਤੇ ਬਾਅਦ ਵਿੱਚ ਹੁੰਦੇ ਜੋੜਾਂ ਦੇ ਦਰਦ ਨਾਲ ਤਰਾਹ ਤਰਾਹ ਕਰ ਰਹੇ ਹਨ, ਜਿਸ ਕਾਰਨ ਸਥਾਨਕ ਲੋਕ ਮਾਨਸਿਕ, ਸਰੀਰਕ ਅਤੇ ਆਰਥਿਕ ਪੱਖੋਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਪ੍ਰਦੂਸ਼ਣ ਰੋਕਣ ਲਈ ਸਖ਼ਤੀ ਵਰਤ ਰਿਹਾ ਹੈ, ਪ੍ਰੰਤੂ ਸੁਨਾਮ ਦਾ ਨਗਰ ਕੌਂਸਲ ਪ੍ਰਸ਼ਾਸਨ ਇਸ ਮਸਲੇ ਨੂੰ ਲੈਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।ਕਮਿਊਨਿਸਟ ਆਗੂਆਂ ਨੇ ਸੁਨਾਮ ਨਗਰ ਕੌਂਸਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੂੜੇ ਦੇ ਡੰਪ ਵਿਚ ਲੱਗੀ ਅੱਗ ਤੇ ਕਾਬੂ ਪਾਕੇ ਸਫ਼ਾਈ ਪ੍ਰਬੰਧਾਂ ਦਾ ਪੁਖ਼ਤਾ ਇੰਤਜ਼ਾਮ ਕੀਤਾ ਜਾਵੇ। ਡੰਪ ਦੀ ਚਾਰ ਦਿਵਾਰੀ ਅਤੇ ਸੜਕ ਦੇ ਦੋਵੇਂ ਪਾਸੇ ਫ਼ੁੱਲਾਂ ਅਤੇ ਛਾਂਦਾਰ ਬੂਟੇ ਲਗਾਏ ਜਾਣ।