ਕਿਹਾ, ਭਗਵੰਤ ਸਿੰਘ ਮਾਨ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ
ਡੇਰਾਬੱਸੀ : ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਖੇਡਾਂ ਅਤੇ ਪਿੰਡ ਪੱਧਰੀ ਵਿਕਾਸ ਵੱਲ ਚੁੱਕੇ ਜਾ ਰਹੇ ਕ੍ਰਾਂਤੀਕਾਰੀ ਕਦਮਾਂ ਦੇ ਤਹਿਤ ਅੱਜ ਡੇਰਾਬੱਸੀ ਹਲਕੇ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਆਪਣੇ ਹਲਕੇ ਦੇ ਨੌਂ ਪਿੰਡਾਂ ਵਿੱਚ ਕੁੱਲ 3.26 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨਾਂ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਹ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ, ਪਿੰਡ ਪੱਧਰ 'ਤੇ ਸਹੂਲਤਾਂ ਵਧਾਉਣ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਦੀ ਸੋਚ ਨਾਲ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਵਿਕਾਸ ਕਾਰਜਾਂ ਦਾ ਵਿਸਥਾਰ ਦਿੰਦਿਆਂ ਦੱਸਿਆ ਕਿ ਪਿੰਡ ਸਾਰੰਗਪੁਰ ਵਿਖੇ 46.09 ਲੱਖ ਰੁਪਏ ਦੀ ਲਾਗਤ ਨਾਲ, ਪਿੰਡ ਬੜਾਣਾ ਵਿਖੇ 18.61 ਲੱਖ ਰੁਪਏ ਦੀ ਲਾਗਤ ਨਾਲ, ਪਿੰਡ ਭਾਗਸੀ ਵਿਖੇ 36.84 ਲੱਖ ਰੁਪਏ ਨਾਲ, ਪਿੰਡ ਮੀਆਪੁਰ ਵਿਖੇ 32.60 ਲੱਖ ਰੁਪਏ ਨਾਲ, ਪਿੰਡ ਬਰੋਲੀ ਵਿਖੇ 52.28 ਲੱਖ ਰੁਪਏ ਦੀ ਲਾਗਤ ਨਾਲ ਅਤੇ ਪਿੰਡ ਬੋਹੜਾ ਵਿਖੇ 38.87 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨਾਂ ਦੇ ਨਿਰਮਾਣ ਦਾ ਸ਼ੁਭ ਆਰੰਭ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਸਮਗੌਲੀ ਵਿਖੇ 30.38 ਲੱਖ ਰੁਪਏ ਨਾਲ ਖੇਡ ਮੈਦਾਨ ਅਤੇ 25 ਲੱਖ ਰੁਪਏ ਨਾਲ ਪੰਚਾਇਤ ਘਰ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ। ਪਿੰਡ ਜੜੋਤ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਪੰਚਾਇਤ ਘਰ ਦਾ ਨਿਰਮਾਣ ਸ਼ੁਰੂ ਕੀਤਾ ਗਿਆ। ਪਿੰਡ ਅਮਲਾਲਾ ਵਿਖੇ 45.65 ਲੱਖ ਰੁਪਏ ਨਾਲ ਖੇਡ ਮੈਦਾਨ ਅਤੇ 25 ਲੱਖ ਰੁਪਏ ਨਾਲ ਪੰਚਾਇਤ ਘਰ ਦਾ ਕੰਮ ਸ਼ੁਰੂ ਕੀਤਾ ਗਿਆ।
ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡ ਪੱਧਰ ’ਤੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ “ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ ਅਤੇ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ। ਹਰ ਪਿੰਡ ਵਿੱਚ ਖੇਡ ਮੈਦਾਨਾਂ ਦੀ ਸਥਾਪਨਾ ਇਸੇ ਮੰਤਵ ਨਾਲ ਕੀਤੀ ਜਾ ਰਹੀ ਹੈ।” ਉਨ੍ਹਾਂ ਕਿਹਾ ਕਿ ਖੇਡਾਂ ਦੇ ਨਾਲ ਨਾਲ ਪੰਚਾਇਤੀ ਵਿਕਾਸ ਕਾਰਜ ਜਿਵੇਂ ਕਿ ਪੰਚਾਇਤ ਘਰ, ਸੜਕਾਂ, ਪਾਣੀ ਤੇ ਸਫਾਈ ਪ੍ਰਬੰਧ, ਸਰਕਾਰ ਦੀ ਤਰਜੀਹ ਹਨ ਤਾਂ ਜੋ ਪਿੰਡਾਂ ਨੂੰ ਸੁਵਿਧਾਜਨਕ ਤੇ ਵਿਕਸਿਤ ਬਣਾਇਆ ਜਾ ਸਕੇ। ਇਸ ਦੌਰਾਨ ਹਰ ਪਿੰਡ ਵਿੱਚ ਸਰਪੰਚਾਂ, ਪੰਚਾਇਤ ਮੈਂਬਰਾਂ, ਅਤੇ ਪਿੰਡ ਵਾਸੀਆਂ ਨੇ ਵਿਧਾਇਕ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਪਿੰਡਾਂ ਦੇ ਲੰਬੇ ਸਮੇਂ ਤੋਂ ਲੰਬਿਤ ਵਿਕਾਸੀ ਸੁਪਨਿਆਂ ਨੂੰ ਹਕੀਕਤ ਦਾ ਰੂਪ ਦਿੱਤਾ ਗਿਆ ਹੈ।