ਸੁਨਾਮ : ਰੁਜ਼ਗਾਰ ਉਡੀਕਦੇ ਹੋਏ ਭਰਤੀ ਨਿਯਮਾਂ ਅਨੁਸਾਰ ਉਮਰ ਹੱਦ ਲੰਘਾ ਚੁੱਕੇ ਬੇਰੁਜ਼ਗਾਰਾਂ ਦੀ ਜਿੱਥੇ ਪਹਿਲੀ ਮੰਗ ਅਸਾਮੀਆਂ ਭਰਨ ਦੀ ਸੀ ਹੁਣ ਇੱਕ ਮੰਗ ਹੋਰ ਬਣ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਢੇ ਤਿੰਨ ਸਾਲ ਵਿੱਚ ਇੱਕ ਵੀ ਪੋਸਟ ਨਹੀਂ ਕੱਢੀ ਇਸ ਲਈ ਰੁਜ਼ਗਾਰ ਉਡੀਕਦੇ ,ਉਮਰ ਹੱਦ ਲੰਘਾ ਚੁੱਕੇ ਬੇਰੁਜ਼ਗਾਰਾਂ ਲਈ ਕਾਨੂੰਨ ਵਿੱਚ ਸੋਧ ਕਰਕੇ ਲਿਖਤੀ ਪ੍ਰੀਖਿਆ ਦੇਣ ਦਾ ਮੌਕਾ ਪ੍ਰਦਾਨ ਕੀਤਾ ਜਾਵੇ ਸਿਹਤ ਵਿਭਾਗ ਵਿੱਚ ਸੰਘਰਸ਼ ਮਗਰੋ 270 ਪੋਸਟਾਂ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਜਾਰੀ ਕਰਵਾਉਣ ਵਾਲੀ ਯੂਨੀਅਨ ਦੇ ਬੇਰੁਜ਼ਗਾਰ ਵਰਕਰਾਂ ਵੱਲੋਂ ਕੀਤੀ ਜਾ ਰਹੀ ਹੈ।ਇਸ ਮੰਗ ਦੀ ਪੂਰਤੀ ਲਈ ਬੇਰੁਜ਼ਗਾਰ ਐਤਕੀ ਦਿਵਾਲੀ ਦਾ ਤਿਉਹਾਰ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਪਟਿਆਲਾ ਵਿਖੇ ਕੋਠੀ ਦੇ ਗੇਟ ਅੱਗੇ ਬੈਠਕੇ ਮਨਾਉਣਗੇ।ਯੂਨੀਅਨ ਆਗੂ ਮੱਖਣ ਸਿੰਘ ਤੋਗਾਵਾਲ ਨੇ ਦੱਸਿਆ ਕਿ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੋਟਰਾਂ ਕੋਲੋਂ ਮੰਗ ਕੀਤੀ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਬਿਲਕੁਲ ਉਸੇ ਤਰ੍ਹਾਂ ਅਸਾਮੀਆਂ ਉਡੀਕਦੇ ਉਮਰ ਹੱਦ ਲੰਘਾ ਚੁੱਕੇ ਸਾਰੇ ਬੇਰੁਜ਼ਗਾਰਾਂ ਨੂੰ ਵੀ ਇੱਕ ਵਾਰ ਲਿਖਤੀ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇ।ਉਹਨਾਂ ਦੱਸਿਆ ਕਿ ਭਾਵੇਂ ਯੂਨੀਅਨ ਦੇ ਲੰਬੇ ਅਤੇ ਤਿੱਖੇ ਸੰਘਰਸ਼ ਅੱਗੇ ਝੁਕਦਿਆਂ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ 270 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਹੈ,ਪ੍ਰੰਤੂ ਪੰਜਾਬ ਵਿੱਚ 2000 ਕਰੀਬ ਕੁਲ ਬੇਰੁਜ਼ਗਾਰਾਂ ਵਿੱਚੋ ਮਹਿਜ਼ 300 - 400 ਉਮੀਦਵਾਰ ਹੀ ਉਮਰ ਹੱਦ ਵਾਲੀਆਂ ਸ਼ਰਤਾਂ ਪੂਰੀਆਂ ਕਰਦੇ ਹਨ,ਬਾਕੀ ਬਚਦੇ ਬੇਰੁਜ਼ਗਾਰਾਂ ਵਿੱਚੋ ਵੱਡੀ ਗਿਣਤੀ ਬੇਰੁਜ਼ਗਾਰ ਪਿਛਲੇ ਸਮਿਆਂ ਵਿੱਚ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਵਿੱਚ ਵੀ ਸੈਂਕੜੇ ਬੇਰੁਜ਼ਗਾਰ ਉਮਰ ਸੀਮਾ ਪਾਰ ਕਰ ਗਏ ਹਨ ਜਿਸਦੀ ਸਿੱਧੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ।ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਮੌਕੇ ਅਤੇ ਬਤੌਰ ਮੁੱਖ ਮੰਤਰੀ ਵੀ ਦਰਜਨਾਂ ਥਾਵਾਂ ਉੱਤੇ ਐਲਾਨ ਕੀਤਾ ਸੀ ਕਿ ਪਿਛਲੀਆਂ ਸਰਕਾਰਾਂ ਮੌਕੇ ਰੁਜ਼ਗਾਰ ਖਾਤਰ ਧਰਨੇ ਲਾਉਂਦੇ ਓਵਰ। ਏਜ਼ ਹੋ ਚੁੱਕੇ ਬੇਰੁਜਗਾਰਾਂ ਲਈ ਉਹਨਾਂ ਦੀ ਸਰਕਾਰ ਕਾਨੂੰਨ ਵਿੱਚ ਸੋਧ ਕਰਕੇ ਸਭਨਾਂ ਨੂੰ ਮੌਕੇ ਪ੍ਰਦਾਨ ਕਰੇਗੀ।ਉਹਨਾਂ ਮੰਗ ਕੀਤੀ ਕਿ ਵਾਅਦੇ ਪੂਰੇ ਕੀਤੇ ਜਾਣ।ਉਹਨਾਂ ਦੱਸਿਆ ਕਿ ਉਹ ਦਿਵਾਲੀ ਤੋਂ ਇੱਕ ਦਿਨ ਪਹਿਲਾਂ 19 ਅਕਤੂਬਰ ਨੂੰ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਕੋਠੀ ਅੱਗੇ ਪਟਿਆਲਾ ਵਿਖੇ ਪੱਕਾ ਮੋਰਚਾ ਸ਼ੁਰੂ ਕਰਨਗੇ ਅਤੇ ਮੰਗ ਦੀ ਪੂਰਤੀ ਹੋਣ ਤੱਕ ਜਾਰੀ ਰੱਖਣਗੇ।ਇਸ ਮੌਕੇ ਸੁਖਵਿੰਦਰ ਸਿੰਘ ਢਿੱਲਵਾਂ, ਕਰਮਜੀਤ ਰਾਮ ਮੌੜ ਆਦਿ ਹਾਜ਼ਰ ਸਨ।