ਸੁਨਾਮ : ਸੇਵਾ ਮੁਕਤ ਮੁਲਾਜ਼ਮਾਂ ਅਤੇ ਨੌਕਰਸ਼ਾਹਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ ਐਤਵਾਰ ਨੂੰ ਸੁਨਾਮ ਵਿਖੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤਹਿਤ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਦੇ ਸਾਰੇ ਮੰਤਰੀਆਂ ਨੂੰ ਰੋਸ / ਮੰਗ ਪੱਤਰ ਦੇਣ ਦੇ ਪ੍ਰੋਗਰਾਮ ਤਹਿਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਗੈਰ ਮੌਜੂਦਗੀ ਵਿੱਚ ਉਨ੍ਹਾਂ ਦੇ ਦਫ਼ਤਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਮੰਗ ਪੱਤਰ ਸੌਂਪਿਆ। ਇਸ ਮੌਕੇ ਬੋਲਦਿਆਂ ਪੈਨਸ਼ਨਰ ਐਸੋਸ਼ੀਏਸ਼ਨ ਦੇ ਪ੍ਰਧਾਨ ਰਾਮ ਸਰੂਪ ਢੈਪਈ ,ਜੀਤ ਸਿੰਘ ਬੰਗਾ, ਥਾਣੇਦਾਰ ਦਰਸ਼ਨ ਸਿੰਘ ਭਰੂਰ ਅਤੇ ਭੁਪਿੰਦਰ ਸਿੰਘ ਛਾਜਲੀ ਨੇ ਆਖਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਧਰਨਿਆਂ ਵਿੱਚ ਜਾਕੇ ਦਿੱਤਾ ਸੀ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਸੂਰਤ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ ਲੇਕਿਨ ਸਾਢੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਹੈ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਕਰਨ ਵੱਲ ਕੋਈ ਸਾਰਥਿਕ ਕਦਮ ਨਹੀਂ ਚੁੱਕਿਆ। ਉਨ੍ਹਾਂ ਆਖਿਆ ਕਿ ਮੌਜੂਦਾ ਸਰਕਾਰ ਲਾਰਾ ਲਾਊ ਨੀਤੀਆਂ ਨਾਲ ਸਮਾਂ ਬਿਤਾਉਣਾ ਚਾਹੁੰਦੀ ਹੈ। ਪੈਨਸ਼ਨਰਾਂ ਅਤੇ ਨੌਕਰਸ਼ਾਹਾਂ ਦੇ ਮਨਾਂ ਅੰਦਰ ਸਰਕਾਰ ਪ੍ਰਤੀ ਨਰਾਜ਼ਗੀ ਪਾਈ ਜਾ ਰਹੀ ਹੈ। ਜਿਸ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਨਾ ਪਵੇਗਾ। ਪੈਨਸ਼ਨਰਜ਼ ਆਗੂਆਂ ਨੇ ਦੱਸਿਆ ਕਿ 17 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਸਰਕਾਰ ਖ਼ਿਲਾਫ਼ ਰੈਲੀ ਵਿੱਚ ਸੁਨਾਮ ਤੋਂ ਵੱਡੀ ਗਿਣਤੀ ਪੈਨਸ਼ਨਰ ਸ਼ਮੂਲੀਅਤ ਕਰਨਗੇ। ਇਸ ਮੌਕੇ ਰਾਮ ਸਰੂਪ ਢੈਪਈ,ਬਲਵਿੰਦਰ ਸਿੰਘ ਜਿਲੇਦਾਰ,ਜੀਤ ਸਿੰਘ ਬੰਗਾ ਭੁਪਿੰਦਰ ਸਿੰਘ ਛਾਜਲੀ ਮਾਲਵਿੰਦਰ ਸਿੰਘ, ਸੁਰੇਸ਼ ਕਾਂਸਲ, ਹਰਦੇਵ ਸਿੰਘ ਜਵੰਧਾ, ਜੈ ਦੇਵ ਸ਼ਰਮਾ,ਹਰਚਰਨ ਸਿੰਘ ਲਹਿਰੀ, ਗੁਲਜਾਰ ਖਾਨ, ਕਰਮਦੀਨ, ਪਰਗਟ ਸਿੰਘ,ਸੱਤਪਾਲ ਸਿੰਘ,ਬਾਰਾ ਸਿੰਘ, ਦਰਸ਼ਨ ਸਿੰਘ ਭਰੂਰ, ਥਾਣੇਦਾਰ ਓਮ ਪ੍ਰਕਾਸ਼, ਹਜੂਰਾ ਸਿੰਘ,ਭਰਪੂਰ ਸਿੰਘ ਛਾਜਲੀ, ਭੋਲਾ ਸਿੰਘ,ਬੁਧ ਸਿੰਘ ਦੂਰੀ, ਸਾਧੂ ਸਿੰਘ ਮੀਰਹੇੜੀ, ਕਰਨੈਲ ਸਿੰਘ ਬਿਗੜਵਾਲ, ਬਚਿੱਤਰ ਸਿੰਘ ਸ਼ੇਰਪੁਰ ,ਸਰਬਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਮੰਗ ਪੱਤਰ ਸੌਂਪਿਆ।