ਸੁਨਾਮ : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਲੌਂਗੋਵਾਲ ਦੇ ਆਗੂ ਸਰਬਜੀਤ ਨਮੋਲ ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਇਸ ਸਬੰਧੀ ਇਲਾਕੇ ਦੀਆਂ ਲੋਕ ਪੱਖੀ ਜਥੇਬੰਦੀਆਂ ਦੇ ਕਾਰਕੁਨਾਂ ,ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅਗਵਾਈ ਹੇਠ ਤਰਕਸ਼ੀਲ ਆਗੂ ਦਾ ਮ੍ਰਿਤਕ ਦੇਹ ਰਿਮਟ ਮੈਡੀਕਲ ਕਾਲਜ਼, ਗੋਬਿੰਦਗੜ੍ਹ ਮੰਡੀ ਨੂੰ ਮੈਡੀਕਲ ਖੋਜ ਕਾਰਜਾਂ ਲਈ ਪ੍ਰਦਾਨ ਕੀਤਾ ਗਿਆ। ਤਰਕਸ਼ੀਲ ਅਤੇ ਅਧਿਆਪਕ ਆਗੂ ਦਾਤਾ ਨਮੋਲ ਨੇ ਦੱਸਿਆ ਕਿ ਭਾਰਤੀ ਫੌਜ ਵਿਚੋਂ ਸੇਵਾ ਮੁਕਤ ਫੌਜੀ ਤਰਕਸ਼ੀਲ ਆਗੂ ਵੱਲੋਂ ਆਪਣੀ ਮੌਤ ਉਪਰੰਤ ਕੋਈ ਵੀ ਧਾਰਮਿਕ ਰਸਮ,ਸਸਕਾਰ ਆਦਿ ਕਰਨ ਦੀ ਥਾਂ ਸਰੀਰ ਨੂੰ ਮੈਡੀਕਲ ਖੋਜ ਕਾਰਜਾਂ ਲਈ ਦੇਣ ਸਬੰਧੀ ਵਸੀਅਤ ਵੀ ਕੀਤੀ ਹੋਈ ਸੀ ਜਿਸ ਨੂੰ ਤਰਕਸ਼ੀਲ ਆਗੂ ਜੁਝਾਰ ਲੌਂਗੋਵਾਲ ਨੇ ਦੁੱਖ ਵਿੱਚ ਸ਼ਾਮਿਲ ਲੋਕਾਂ ਨੂੰ ਪੜ੍ਹਕੇ ਸੁਣਾਉਦਿਆਂ ਤਰਕਸ਼ੀਲ ਅਤੇ ਵਿਗਿਆਨਿਕ ਵਿਚਾਰਧਾਰਾ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਤੇ ਗੱਲ ਕੀਤੀ ਜਦੋਂ ਕਿ ਦੇਸ਼ ਭਗਤ ਯਾਦਗਾਰ ਦੇ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਵਿਛੜੇ ਸਾਥੀ ਦੀ ਪਰਿਵਾਰ, ਸਮਾਜ, ਕਿਰਤੀ ਕਿਸਾਨ ਏਕਤਾ ਕਾਇਮ ਰੱਖਣ ਲਈ ਕੀਤੇ ਉਪਰਾਲੇ ਦੀ ਦੇਣ ਨੂੰ ਉਭਾਰਦਿਆਂ ਦੱਸਿਆ ਕਿ ਉਹ ਇੱਕ ਸਮੱਰਥ ਕਵੀ ਵੀ ਸੀ। ਉਹਨਾਂ ਦੇ ਸਾਥੀ ਬੱਗਾ ਸਿੰਘ ਨਮੋਲ ਵੱਲੋਂ ਬਹੁਤ ਭਾਵਕਤਾ ਨਾਲ ਸਾਥੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਉਹਨਾਂ ਦੀ ਜੀਵਨ ਸਾਥਣ ਬਲਜੀਤ ਕੌਰ ਅਤੇ ਪੁੱਤਰ ਹਰਮਨਜੀਤ ਸਿੰਘ ਦੀ ਵੱਡੇ ਸੰਕਟ ਵਿੱਚ ਅਡੋਲ ਅਤੇ ਸਹਿਜ ਰਹਿਕੇ ਸਰਬਜੀਤ ਨਮੋਲ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਲਈ ਸਿਜਦਾ ਵੀ ਕੀਤਾ ਗਿਆ। ਜਦੋਂ ਕਿ ਉਹਨਾਂ ਦੀਆਂ ਦੋ ਬੇਟੀਆਂ ਲਵਜੀਤ ਕੌਰ ਅਤੇ ਨਵਦੀਪ ਕੌਰ ਕੈਨੇਡਾ ਵਿੱਚ ਹਨ।ਇਸ ਮੌਕੇ ਜਿਲ੍ਹਾ ਐਕਸ ਸਰਵਿਸਮੈਨ ਐਸੋਸੀਏਸ਼ਨ ਦੀ ਸਮੂਹ ਆਗੂ ਟੀਮ,ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਦਾਤਾ ਸਿੰਘ ਨਮੋਲ,ਨੌਜਵਾਨ ਭਾਰਤ ਸਭਾ ਦੇ ਜਗਸੀਰ ਨਮੋਲ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਲਖਵੀਰ ਲੌਂਗੋਵਾਲ, ਤਰਕਸ਼ੀਲ ਇਕਾਈ ਆਗੂ ਕਮਲਜੀਤ ਵਿੱਕੀ, ਗੁਰਜੀਤ ਸਿੰਘ, ਗੁਰਮੇਲ ਸਿੰਘ, ਸੁਖਪਾਲ ਸਿੰਘ,ਰਾਮਪਾਲ,ਕਾਮਰੇਡ ਲਾਭ ਸਿੰਘ ਨਮੋਲ,ਕਿਸਾਨ ਆਗੂ ਮਹਿੰਦਰ ਸਿੰਘ ਨਮੋਲ, ਬੂਟਾ ਸਿੰਘ ਆਦਿ ਆਗੂ ਹਾਜ਼ਰ ਸਨ।