ਸੰਦੋੜ : ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁੱਦੇ 'ਤੇ ਅੱਜ ਕਿਸਾਨ ਮਜ਼ਦੂਰ ਮੋਰਚਾ ਅਤੇ ਇਸ ਨਾਲ ਜੁੜੀਆਂ ਹੋਰ ਜਥੇਬੰਦੀਆਂ ਵੱਲੋਂ ਸੂਬਾ ਅਤੇ ਕੇਂਦਰ ਸਰਕਾਰ ਖਿਲਾਫ਼ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ਦੇ ਮੱਦੇਨਜਰ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਬਲਾਕ ਅਹਿਮਦਗੜ੍ਹ ਵੱਲੋਂ ਅੱਜ ਅਨਾਜ਼ ਮੰਡੀ "ਮਾਰਕੀਟ ਕਮੇਟੀ ਸੰਦੋੜ ਦੇ ਗੇਟ ਅੱਗੇ ਕਾਰਜਕਾਰੀ ਸੂਬਾ ਆਗੂ ਗੁਰਮੇਲ ਸਿੰਘ ਮਹੋਲੀ, ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮਹੋਲੀ, ਜ਼ਿਲ੍ਹਾ ਆਗੂ ਮਨਜੀਤ ਸਿੰਘ ਧਾਲੀਵਾਲ, ਜਰਨੈਲ ਸਿੰਘ ਬਿਸਨਗੜ੍ਹ ਦੀ ਅਗਵਾਈ ਵਿੱਚ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕੇ ਗਏ। ਇਸ ਸਮੇਂ ਵੱਡੀ ਗਿਣਤੀ ਵਿੱਚ ਇਕੱਤਰਤ ਕਿਸਾਨਾਂ ,ਮਜ਼ਦੂਰ ਆਗੂਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕਰਦਿਆਂ ਮੁਰਦਾਬਾਦ ਦੇ ਨਾਅਰੇ ਲਾਏ। ਭਾਰੀ ਰੋਸ ਜ਼ਾਹਰ ਕਰਦਿਆਂ ਕਾਰਜਕਾਰੀ ਸੂਬਾ ਆਗੂ ਗੁਰਮੇਲ ਸਿੰਘ ਮਹੋਲੀ ਕਿਹਾ ਕਿ ਸਰਕਾਰਾਂ ਨੇ ਆਪਣੀ ਚਾਣਕਿਆ ਨੀਤੀ ਤੇ ਚੱਲਦਿਆਂ ਨਕਲੀ ਹੜ ਲਿਆ ਕੇ ਸਾਡੇ ਕਿਸਾਨ, ਮਜ਼ਦੂਰ ਹੋਰ ਗ਼ਰੀਬ ਪਰਿਵਾਰਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ। ਇਹਨਾਂ ਹੜਾਂ ਨਾਲ ਲੱਖਾਂ ਦੀ ਗਿਣਤੀ ਵਿੱਚ ਪਸ਼ੂ, ਘਰ, ਫਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਖੇਤਾਂ ਵਿੱਚ ਰੇਤ ਭਰ ਚੁੱਕਾ ਹੈ। ਜਿਸ ਦੀ ਅਜੇ ਤੱਕ ਸਰਕਾਰ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਸ਼ੂ ਪਾਲਕਾਂ, ਦੁਕਾਨਦਾਰਾਂ ਅਤੇ ਮਕਾਨ ਮਾਲਕਾਂ ,ਫਸਲਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਨੁਕਸਾਨ ਦੇ ਅਨੁਸਾਰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਕਣਕ ਦੀ ਬਿਜਾਈ ਲਈ ਖਾਦ, ਬੀਜ ਅਤੇ ਡੀਜ਼ਲ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਵੇ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਤੁਰੰਤ ਰੇਤ ਹਟਵਾਈ ਜਾਵੇ ਅਤੇ ਰੇਤ ਕੱਢਣ 'ਤੇ ਲੱਗੀ ਕੋਈ ਵੀ ਪਾਬੰਦੀ ਹਟਾਈ ਜਾਵੇ। ਉਪਰੋਕਤ ਆਗੂਆਂ ਨੇ ਨਕਲੀ ਹੜਾਂ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਡੈਮਾਂ ਤੋਂ ਛੱਡੇ ਗਏ ਪਾਣੀ ਦੇ ਮਾਮਲੇ ਦੀ ਨਿਆਂਇਕ ਜਾਂਚ ਕਰਵਾਈ ਜਾਵੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਕੁਦਰਤੀ ਆਫ਼ਤ ਸੀ ਜਾਂ ਮਨੁੱਖੀ ਗਲਤੀ ਦਾ ਨਤੀਜਾ। ਆਉਂਣ ਵਾਲੇ ਸਮੇਂ ਦੋਰਾਨ ਦਰਿਆਵਾਂ ਵਿੱਚ ਪੱਕੇ ਬੰਨ੍ਹ ਬਣਾ ਕੇ ਉਨ੍ਹਾਂ ਨੂੰ ਨਹਿਰ ਵਾਂਗ ਰੂਪ ਦਿੱਤਾ ਜਾਵੇ ਤਾਂ ਜੋ ਭਵਿੱਖ ਵਿੱਚ ਹੜ੍ਹਾਂ ਵਰਗੀ ਘਟਨਾ ਨਾ ਵਾਪਰੇ। ਝੋਨੇ ਦੀ ਪਰਾਲੀ ਮੁੱਦੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਕਿਸਾਨਾਂ 'ਤੇ ਲਗਾਏ ਜਾ ਰਹੇ ਜ਼ੁਰਮਾਨੇ ਤੁਰੰਤ ਬੰਦ ਕੀਤੇ ਜਾਣ। ਸਰਕਾਰ ਵੱਲੋਂ 200 ਰੁਪਏ ਪ੍ਰਤੀ ਕੁਇੰਟਲ ਜਾਂ 6000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਹਾਇਤਾ ਦਿੱਤੀ ਜਾਵੇ। ਇਸ ਸਮੇਂ ਦਰਸ਼ਨ ਸਿੰਘ ਸੰਦੋੜ, ਹਰਕੇਸ਼ ਸਿੰਘ ਸੰਦੌੜ, ਦਰਸ਼ਨ ਸਿੰਘ ਦੁਲਮਾਂ, ਟਹਿਲ ਸਿੰਘ ਫਰਵਾਲੀ, ਬਲਵਿੰਦਰ ਸਿੰਘ ਬਿੱਟੀ, ਸੁਪਿੰਦਰ ਸਿੰਘ ਲਾਲੀ ਜੱਸੀ ਕਹਿਲ, ਸਵਰਨ ਸਿੰਘ,ਵਾਲੀ ਬਾਜਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸਨ। ਇਸ ਮੌਕੇ ਉਪਰੋਕਤ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਦੇਸ਼ ਦਾ ਭਰ ਢਿੱਡ ਭਰਨ ਵਾਲੇ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਨਵੇਂ ਨਵੇਂ ਫੁਰਮਾਨ ਲਾਗੂ ਕਰਕੇ ਹਮੇਸ਼ਾ ਹੀ ਮਾਰਨ ਲਈ ਗਲਾ ਘੁੱਟਣ ਦੀ ਕੋਈ ਕਸਰ ਨਹੀਂ ਛੱਡੀਦੀ। ਉਹ ਆਪਣੇ ਹੱਕਾਂ ਲਈ ਮਰ ਮਿਟਣ ਤਾਂ ਜਾਣਗੇ ਪਰ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।