ਬਰਨਾਲਾ, (ਜਗਸੀਰ ਸਿੰਘ ਧਾਲੀਵਾਲ ਸਹਿਜੜਾ) : ਬਰਨਾਲਾ ਦੇ ਕਸਬਾ ਸ਼ਹਿਣਾ ਤੋਂ ਇੱਕ ਸਨਸਨੀਖੇਜ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਣਾ ਦੀ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੂੰ ਕਿਸੇ ਵਿਅਕਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਸੁਖਵਿੰਦਰ ਸਿੰਘ ਕਲਕੱਤਾ ਸ਼ਹਿਣਾ ਬੱਸ ਸਟੈਂਡ 'ਤੇ ਕਿਸੇ ਪ੍ਰੋਪਰਟੀ ਡੀਲਰ ਦੀ ਦੁਕਾਨ ਵਿੱਚ ਬੈਠਾ ਸੀ, ਜਿੱਥੇ ਹਮਲਾਵਰ ਦੁਕਾਨ ਅੰਦਰ ਆਇਆ ਅਤੇ ਕੁਰਸੀ ਉੱਪਰ ਬੈਠੇ ਹੀ ਸੁਖਵਿੰਦਰ ਸਿੰਘ ਕਲਕੱਤਾ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਿਆ। ਸੁਖਵਿੰਦਰ ਸਿੰਘ ਕਲਕੱਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੁਖਵਿੰਦਰ ਸਿੰਘ ਕਲਕੱਤਾ ਪੰਚਾਇਤ ਦੀ ਪਿਛਲੀ ਟਰਮ ਦੌਰਾਨ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਉਸ ਦੀ ਮਾਤਾ ਪਿੰਡ ਸ਼ਹਿਣਾ ਦੀ ਸਰਪੰਚ ਬਣੀ। ਸੁਖਵਿੰਦਰ ਸਿੰਘ ਕਲਕੱਤਾ ਬਾਗ਼ੀ ਤਬੀਅਤ ਦਾ ਮਾਲਕ ਸੀ ਜੋ ਸਮੇਂ ਦੀਆਂ ਹਕੂਮਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਅਕਸਰ ਸੋਸ਼ਲ ਮੀਡੀਆ 'ਤੇ ਵੀਡੀਓ ਕਲਿੱਪ ਪੋਸਟ ਕਰਦਾ ਰਹਿੰਦਾ ਸੀ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਕਲਕੱਤਾ ਸਿਮਰਨਜੀਤ ਸਿੰਘ ਮਾਨ ਅਤੇ ਲੱਖਾ ਸਿਧਾਣਾ ਦੀਆਂ ਸਟੇਜਾਂ ਤੇ ਵੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਮੁੱਦਿਆਂ ਤੇ ਸਮੇਂ ਸਮੇਂ ਦੀਆਂ ਹਕੂਮਤਾਂ ਦੇ ਖਿਲਾਫ ਆਪਣੀ ਭੜਾਸ ਕੱਢਦਾ ਸੀ। ਸੁਖਵਿੰਦਰ ਸਿੰਘ ਕਲਕੱਤਾ ਤੇ ਹਮਲਾ ਕਰਨ ਵਾਲੇ ਨੌਜਵਾਨ ਸਬੰਧੀ ਭਾਵੇਂ ਕਿ ਅਧਿਕਾਰਤ ਤੌਰ ਤੇ ਪੁਲਿਸ ਨੇ ਅਜੇ ਕੁਝ ਵੀ ਨਹੀਂ ਕਿਹਾ ਪ੍ਰੰਤੂ ਆਫ ਦੀਰਿਕਾਰਡ ਇਹ ਸਾਹਮਣੇ ਆ ਰਿਹਾ ਹੈ ਕਿ ਕਲਕੱਤਾ ਤੇ ਹਮਲਾ ਕਰਨ ਵਾਲਾ ਨੌਜਵਾਨ ਪਿੰਡ ਸ਼ਹਿਰਾਂ ਨਾਲ ਹੀ ਸੰਬੰਧਿਤ ਹੈ ਅਤੇ ਲੰਘੇ ਸਮੇਂ ਦੌਰਾਨ ਉਸ ਦੀ ਸੁਖਵਿੰਦਰ ਸਿੰਘ ਨਾਲ ਚੰਗੀ ਨੇੜਤਾ ਵੀ ਰਹੀ ਹੈ ਪ੍ਰੰਤੂ ਪੁਰਸਮਾ ਪਹਿਲਾਂ ਦੋਵਾਂ ਵਿਚਕਾਰ ਕੁੜੱਤਣ ਪੈਦਾ ਹੋ ਗਈ ਸੀ। ਸੁਖਵਿੰਦਰ ਸਿੰਘ ਕਲਕੱਤਾ ਦੀ ਮੌਤ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਸੋਸ਼ਲ ਮੀਡੀਆ 'ਤੇ ਫੈਲੀ ਜਿਸ ਤੋਂ ਬਾਅਦ ਉਸ ਦੇ ਸਮਰਥਕਾਂ ਨੇ ਮੁੱਖ ਸੜਕ ਜਾਮ ਕਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਕਸਬਾ ਸਹਿਣਾ ਦਾ ਮਾਹੌਲ ਤਣਾਓਪੂਰਨ ਬਣਿਆ ਹੋਇਆ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ 'ਚ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ।