ਸ਼ੇਰਪੁਰ : ਸਰਵ ਆਗਣਵਾੜੀ ਵਰਕਰ ਅਤੇ ਹੈਲਪਰ , ਯੂਨੀਅਨ ਵੱਲੋੰ ਬਲਾਕ ਸ਼ੇਰਪੁਰ ਦੀ ਪ੍ਰਧਾਨ ਪਰਮਜੀਤ ਕੌਰ ਖੇੜੀ ਦੀ ਅਗਵਾਈ ਵਿੱਚ ਜਗਜੀਤ ਕੌਰ ਖੇੜੀ , ਪਰਮਜੀਤ ਕੌਰ ਰੂੜਗੜ੍ਹ , ਮਮਤਾ ਸ਼ੇਰਪੁਰ , ਨਰਿੰਦਰ ਕੌਰ , ਵੀਰਪਾਲ ਕੌਰ ਆਦਿ ਸਾਥੀਆਂ ਨੇ ਜ਼ਿਲਾ ਪ੍ਰੋਗਰਾਮ ਅਫਸਰ ਸੰਗਰੂਰ ਨੂੰ ਮੰਗ ਪੱਤਰ ਸੌਂਪਿਆ । ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਆਗੂ ਖੇੜੀ ਨੇ ਦੱਸਿਆ ਕਿ ਯੂਨੀਅਨ ਵੱਲੋਂ ਅੱਜ ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਆਂਗਣਵਾੜੀ ਵਰਕਰਾਂ / ਹੈਲਪਰਾਂ ਦਾ ਜੋ ਸੈਂਟਰ ਫੰਡ ਰੁਕਿਆ ਹੋਇਆ ਹੈ ਨੂੰ ਜਲਦ ਰਿਲੀਜ਼ ਕਰਨ ਲਈ ਜਿਲ੍ਹਾ ਪ੍ਰੋਗਰਾਮ ਅਫਸਰ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਹੈ। ਵਿਭਾਗ ਵੱਲੋਂ ਲਗਾਤਾਰ ਵਰਕਰਾਂ ਨੂੰ ਆਨਲਾਈਨ ਕੰਮ ਕਰਨ ਲਈ ਦਬਾਓ ਪਾਇਆ ਜਾ ਰਿਹਾ ਹੈ ਪ੍ਰੰਤੂ ਕੋਈ ਮੋਬਾਇਲ ਫੋਨ ਨਹੀਂ ਦਿੱਤੇ ਗਏ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਫੋਨ ਮੁਹਈਆ ਕਰਵਾਏ ਜਾਣ ਅਤੇ ਡਾਟਾ ਪੈਕ ਪਾਉਣ ਲਈ ਲੋਂੜੀਦੀ ਦੀ ਰਾਸ਼ੀ ਜਾਰੀ ਕੀਤੀ ਜਾਵੇ । ਆਂਗਣਵਾੜੀ ਆਗੂਆਂ ਨੇ ਦੱਸਿਆ ਕਿ ਸਰਕਾਰ ਅਤੇ ਵਿਭਾਗ ਭਲੀ ਭਾਂਤ ਜਾਣਦੇ ਹਨ ਕਿ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅੰਗਹੀਣ , ਵਿਧਵਾ , ਬੇਸਹਾਰਾ ਅਤੇ ਤਲਾਕ ਸ਼ੁਦਾ ਹਨ ਜੋ ਕਿ ਨਿਗੁਣੇ ਜਿਹੇ ਮਾਣ ਭੱਤੇ ਤੇ ਵੱਧ ਕੰਮ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੀਆਂ ਹਨ ਪ੍ਰੰਤੂ ਸੈਂਟਰ ਦਾ ਮਾਣ ਭੱਤਾ ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਪੈਂਡਿੰਗ ਚੱਲ ਰਿਹਾ ਹੈ , ਜਿਸ ਕਾਰਨ ਵਰਕਰ ਹੈਲਪਰ ਆਪਣੀਆਂ ਨਿੱਜੀ ਲੋੜਾਂ ਪੂਰੀਆਂ ਕਰਨ ਲਈ ਬਿਨਾਂ ਮਾਣ ਭੱਤੇ ਤੋਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਇਹ ਮੁਸ਼ਕਿਲ ਪਿਛਲੇ ਦਿਨੀ ਆਏ ਹੜਾਂ ਕਾਰਨ ਹੋਰ ਵੀ ਵੱਧ ਗਈ ਹੈ ਕਿਉਂਕਿ ਪੰਜਾਬ ਵਿੱਚ ਬਹੁਤ ਸਾਰੇ ਪਿੰਡ ਇਸ ਮਾਰ ਹੇਠ ਆਏ ਹੋਣ ਕਾਰਨ ਇਸ ਤਰਾਸਦੀ ਨਾਲ ਜੂਝ ਰਹੇ ਹਨ। ਆਂਗਣਵਾੜੀ ਵਰਕਰ ਹੈਲਪਰ ਅਜਿਹੇ ਅਨੇਕਾਂ ਪਿੰਡਾਂ ਵਿੱਚ ਰਹਿੰਦੀਆਂ ਹੋਈਆਂ ਇਸ ਤਰਾਸਦੀ ਨੂੰ ਹੰਢਾਂਉਂਦੇ ਹੋਏ ਆਪਣੀ ਡਿਊਟੀ ਪ੍ਰਤੀ ਸੰਵੇਦਨਸ਼ੀਲ ਹਨ ਜੋ ਵਿਭਾਗ ਵੱਲੋਂ ਲੱਗੀਆਂ ਡਿਊਟੀਆਂ , ਮਹਾਂਮਾਰੀ ਦਾ ਪੂਰਾ ਸਰਵੇ, ਪਿੰਡਾਂ ਵਿੱਚ ਰਹਿਣ ਵਾਲੇ 3 ਤੋਂ 6 ਸਾਲ ਦੇ ਬੱਚਿਆਂ , ਬਜ਼ੁਰਗਾਂ ਦੇ ਪਰਿਵਾਰਾਂ ਦੀ ਰਿਪੋਰਟ ਇਕੱਠੀ ਕਰਨ ਲਈ ਫਰੰਟ ਲਾਈਨ ਵਰਕਰ ਦੀ ਡਿਊਟੀ ਨਿਭਾ ਰਹੀਆਂ ਹਨ । ਬਲਾਕ ਆਗੂ ਖੇੜੀ ਨੇ ਕਿਹਾ ਪੰਜਾਬ ਸਰਕਾਰ ਉਨਾਂ ਦੀ ਅਣਥੱਕ ਮਿਹਨਤ ਅਤੇ ਲਗਨ ਨੂੰ ਅੱਖੋਂ ਭਰੋਖੇ ਕਰ ਰਹੀ ਹੈ ਅਤੇ ਸੈਂਟਰ ਸਰਕਾਰ ਵੱਲੋਂ ਮਿਲਣ ਵਾਲੀ ਰਾਸ਼ੀ 4500 ਰੁਪਏ ਨੂੰ ਪਿਛਲੇ 6 ਮਹੀਨਿਆਂ ਤੋਂ ਰੋਕ ਕੇ ਬੈਠੀ ਹੈ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਬਿਨਾਂ ਤਨਖਾਹ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਮਜਬੂਰ ਹਨ। ਇਸ ਮੁਸ਼ਕਿਲ ਦੀ ਘੜੀ ਵਿੱਚ ਉਹ ਇੱਕ ਇੱਕ ਰੁਪਏ ਨੂੰ ਵੀ ਤਰਸ ਰਹੀਆਂ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਸਰਵ ਜਥੇਬੰਦੀ ਦੀ ਜ਼ਿਲਾਂ ਅਤੇ ਸੂਬਾ ਕਮੇਟੀ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਹੋਇਆ ਲਿਖਿਆ ਜਾਂਦਾ ਹੈ ਕਿ ਜੇਕਰ ਦਿਵਾਲੀ ਤੋਂ ਪਹਿਲਾਂ ਸਰਕਾਰ ਅਤੇ ਵਿਭਾਗ ਨੇ ਜਲਦ ਤੋਂ ਜਲਦ ਸੈਂਟਰ ਫੰਡ ਜਾਰੀ ਨਾ ਕੀਤਾ ਤਾਂ ਪੂਰੇ ਪੰਜਾਬ ਵਿੱਚ ਸੰਘਰਸ਼ ਨੂੰ ਵਿਸ਼ਾਲ ਰੂਪ ਵਿੱਚ ਵੱਡੇ ਪੱਧਰ ਤੇ ਉਲੀਕਿਆ ਜਾਵੇਗਾ ਜਿਸ ਦੀ ਜਿੰਮੇਵਾਰੀ ਵਿਭਾਗ ਅਤੇ ਸੂਬਾ ਸਰਕਾਰ ਦੀ ਹੋਵੇਗੀ । ਇਸ ਮੌਕੇ ਸੁਖਬੀਰ ਕੌਰ , ਕਮਲਜੀਤ ਕੌਰ , ਪਰਮਜੀਤ ਕੌਰ , ਜੀਵਨਪਾਲ ਕੌਰ , ਦਲਜੀਤ ਕੌਰ , ਅਮਰਪ੍ਰੀਤ ਕੌਰ , ਸੁਖਪਾਲ ਕੌਰ ਗੁਜਰਾ , ਮਨਜੀਤ ਕੌਰ , ਪਿੰਕੀ ਲਹਿਰਾ ਗਾਗਾ ਤੋਂ ਇਲਾਵਾ ਹੋਰ ਵੀ ਸਾਥੀ ਵਰਕਰਾਂ ਅਤੇ ਹੈਲਪਰਜ਼ ਮੌਜੂਦ ਸਨ।