ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਅਜਾਇਬ ਘਰ ਅਤੇ ਕਲਾ ਗੈਲਰੀ ਵਿਖੇ ਸਰਕਾਰੀ ਆਰਟਸ ਐਂਡ ਕਰਾਫਟ ਇੰਸਟਿਚਿਊਟ, ਨਾਭਾ ਦੇ ਵਿਦਿਆਰਥੀਆਂ ਵੱਲੋਂ ਚਿੱਤਰਕਲਾ ਪ੍ਰਦਰਸ਼ਨੀ ਲਗਾਈ ਗਈ ਹੈ। ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਤੋੰ ਡਾਇਰੈਕਟਰ ਪ੍ਰੋ. ਭੀਮ ਇੰਦਰ ਸਿੰਘ ਨੇ ਕੀਤਾ। ਮੈਡੀਸਨ ਫ਼ੈਕਲਟੀ ਦੇ ਸਾਬਕਾ ਡੀਨ ਪ੍ਰੋ. ਰੀਚਾ ਸ੍ਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋ. ਭੀਮ ਇੰਦਰ ਨੇ ਪ੍ਰਦਰਸ਼ਨੀ ਦੌਰਾਨ ਵਿਦਿਆਰਥੀ ਕਲਾਕਾਰਾਂ ਦੇ ਸਨਮੁਖ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਨ੍ਹਾਂ ਚਿੱਤਰਾਂ ਰਾਹੀਂ ਕਲਾਤਮਕ ਢੰਗ ਨਾਲ ਪੰਜਾਬ ਦੀ ਸਭਿਆਚਾਰਕ ਵਿਰਾਸਤ ਨੂੰ ਨਵੇਂ ਪਹਿਲੂ ਤੋਂ ਪੇਸ਼ ਕੀਤਾ ਗਿਆ ਹੈ।
ਪ੍ਰੋ. ਰੀਚਾ ਸ੍ਰੀ ਨੇ ਪ੍ਰਦਰਸ਼ਨੀ ਦਾ ਆਨੰਦ ਮਾਣਦਿਆਂ ਵਿਦਿਆਰਥੀ ਕਲਾਕਾਰਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਅਗਾਂਹ ਤੋਂ ਵੀ ਅਜਿਹੇ ਸਮਾਗਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਪ੍ਰਦਰਸ਼ਨੀ ਦੇ ਮੁੱਖ ਆਯੋਜਕ ਅਤੇ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਅਵਤਾਰ ਸਿੰਘ ਨੇ ਆਪਣੇ ਕਲਾਤਮਕ ਤਜਰਬੇ ਅਤੇ ਸਫਰ ਨੂੰ ਬੜੇ ਰੌਚਕ ਤਰੀਕੇ ਨਾਲ ਪੇਸ਼ ਕੀਤਾ ਅਤੇ ਪ੍ਰੇਰਿਤ ਕੀਤਾ ਕਿ, ਹਰੇਕ ਵਿਅਕਤੀ ਅੰਦਰ ਇੱਕ ਕਲਾਕਾਰ ਛੁਪਿਆ ਹੁੰਦਾ ਹੈ, ਉਸ ਨੂੰ ਬਾਹਰ ਲਿਆਉਣ ਲਈ ਸਖ਼ਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਇਸ ਮੌਕੇ ਸ. ਸੋਭਾ ਸਿੰਘ ਫਾਈਨ ਆਰਟਸ ਵਿਭਾਗ ਦੇ ਮੁਖੀ, ਪ੍ਰੋ. ਅੰਬਾਲਿਕਾ ਸੂਦ ਜੈਕਬ, ਪ੍ਰੋ. ਕਵਿਤਾ ਸਿੰਘ, ਡਾ. ਅਤਿੰਦਰਪਾਲ ਸਿੰਘ, ਡਾ. ਸਰਬਜੀਤ ਸਿੰਘ, ਪ੍ਰਭਦੀਪ ਕੌਰ, ਅਰਚਨਾ ਸ਼ਰਮਾ, ਮਨਪ੍ਰੀਤ ਕੌਰ, ਕਲਾਕਾਰ ਹਰਦੀਪ ਕੌਰ, ਕਲਾਕਾਰ ਰਵੀ ਵਰਮਾ ਅਤੇ ਵਿਭਾਗ ਦੇ ਖੋਜਾਰਥੀ ਅਤੇ ਸਮੂਹ ਵਿਦਿਆਰਥੀ ਮੌਜੂਦ ਰਹੇ।