ਪਠਾਨਕੋਟ : ਅੰਤਰਰਾਸ਼ਟਰੀ ਸਮਾਜ ਸੇਵੀ ਅਤੇ ‘ਪੀਸੀਟੀ ਹਿਊਮੈਨਿਟੀ’ ਦੇ ਸੰਸਥਾਪਕ ਡਾ. ਜੋਗਿੰਦਰ ਸਿੰਘ ਸਲਾਰੀਆ ਦੀ ਅਗਵਾਈ ’ਚ ਖ਼ਾਲਸਾ ਰਾਜ ਦੇ ਸੰਸਥਾਪਕ ਅਤੇ ਮਹਾਨ ਸਿੱਖ ਸੈਨਾਪਤੀ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ (ਬੰਦਾ ਬੈਰਾਗੀ) ਦੇ ਜਨਮ ਸਥਾਨ ਰਾਜੌਰੀ ਲਈ ਤਿੰਨ ਰੋਜ਼ਾ ਧਾਰਮਿਕ ਯਾਤਰਾ ਜੈਕਾਰਿਆਂ ਦੀ ਗੂੰਜ ਨਾਲ ਅੱਜ ਪਠਾਨਕੋਟ ਤੋਂ ਰਵਾਨਾ ਹੋਈ। ਇਸ ਵਿਚ ਅਯੁੱਧਿਆ ਦੇ ਰਾਮਾਨੰਦੀ ਸ਼੍ਰੀ ਵੈਸ਼ਣਵ ਸੰਪਰਦਾ ਦੇ ਸੰਤ ਸ਼੍ਰੀ ਮਹੰਤ ਆਸ਼ੀਸ਼ ਦਾਸ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਇਹ ਯਾਤਰਾ ਕਈ ਇਤਿਹਾਸਕ ਗੁਰਦੁਆਰਿਆਂ ਤੋਂ ਲੰਘਦਿਆਂ ਸ਼ਾਮ ਤਕ ਰਾਜੌਰੀ ਪਹੁੰਚੇਗੀ,ਜਿੱਥੇ 27 ਸਤੰਬਰ ਨੂੰ ਗੁਰਦੁਆਰਾ ਜਨਮ ਸਥਾਨ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ ਅਤੇ 28 ਸਤੰਬਰ ਨੂੰ ਇਹ ਯਾਤਰਾ ਪਠਾਨਕੋਟ ਦੀ ਵਾਪਸੀ ਨਾਲ ਸੰਪੂਰਨ ਹੋਵੇਗੀ।
ਯਾਤਰਾ ਦੇ ਪ੍ਰਬੰਧਕ ਸ. ਗੁਰਮਿੰਦਰ ਸਿੰਘ ਚਾਵਲਾ ਨੇ ਦੱਸਿਆ ਕਿ ਗੁਰਬਾਣੀ ਅਤੇ ਸ਼ਬਦ ਕੀਰਤਨ ਦੁਆਰਾ ਨਾਮ ਨਾਲ ਰੰਗੀ ਹੋਈ ਜਗਿਆਸੂ ਸੰਗਤ ਦਾ ਜੰਮੂ ਦੇ ਕਠੂਆ ਵਿਖੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਚਰਨਜੀਤ ਸਿੰਘ ਦੀ ਅਗਵਾਈ ’ਚ ਸਥਾਨਕ ਸੰਗਤ ਨੇ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ।
ਇਸ ਮੌਕੇ ਡਾ. ਜੋਗਿੰਦਰ ਸਿੰਘ ਸਲਾਰੀਆ ਨੇ ਕਿਹਾ ਕਿ, ਬਾਬਾ ਬੰਦਾ ਸਿੰਘ ਬਹਾਦਰ ਕੇਵਲ ਸਿੱਖ ਕੌਮ ਦੇ ਹੀ ਨਾਇਕ ਨਹੀਂ ਬਲਕਿ ਸਮੁੱਚੀ ਮਾਨਵਤਾ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਲੋਕਾਂ ਨੂੰ ਆਪਣੀਆਂ ਵਿਰਾਸਤੀ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਛੋਟੀਆਂ ਗੱਲਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ ਤੱਤਾਂ ਤੋਂ ਸਾਵਧਾਨ ਰਹਿਣਾ ਲਈ ਵੀ ਕਿਹਾ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ, ਜਿਹੜੇ ਆਪਣੇ ਧਰਮ ਤੇ ਮਨੁੱਖਤਾ ਲਈ ਸ਼ਹੀਦ ਹੋਏ, ਅਗਰ ਅੱਜ ਅਸੀਂ ਉਹਨਾਂ ਨੂੰ ਵਿਸਾਰਦੇ ਹਾਂ ਤਾਂ ਸਾਡੇ ਤੋਂ ਵੱਡਾ ਅਕਿਰਤਘਣ ਕੋਈ ਨਹੀਂ ਹੋਵੇਗਾ ।
ਡਾ. ਸਲਾਰੀਆ ਨੇ ਅੱਗੇ ਕਿਹਾ ਕਿ ਸਿੱਖਾਂ ਨੇ ਸਨਾਤਨ ਧਰਮ ਲਈ ਵਾੜ ਦਾ ਕੰਮ ਕੀਤਾ, ਪਰ ਦੁੱਖ ਦੀ ਗੱਲ ਹੈ ਕਿ ਅੱਜ ਕਈ ਉਹ ਲੋਕ ਜਿਨ੍ਹਾਂ ਦੀ ਰੱਖਿਆ ਕੀਤੀ ਗਈ, ਉਹਨਾਂ ਨੂੰ ਵੀ ਖ਼ਿਆਲ ਨਹੀਂ ਕਿ ਸਾਡੇ ਲਈ ਵਾੜ ਕੌਣ ਬਣਿਆ ਸੀ। ਉਨ੍ਹਾਂ ਕਾਮਨਾ ਕੀਤੀ ਕਿ ’ਪੰਜਾਬ ਸਾਡਾ ਹੱਸਦਾ ਵੱਸਦਾ ਰਹੇ’, ਮਾਲਕ ਨੇ ਸਾਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਫ਼ਲਸਫ਼ਾ ਦਿੱਤਾ। ਸਾਡੇ ਗੁਰੂਆਂ ਨੇ ਸਾਨੂੰ ਮੰਗਣਾ ਨਹੀਂ ਸਿਖਾਇਆ, ਇਸੇ ਲਈ ਪੰਜਾਬ ਨੇ ਹਮੇਸ਼ਾ ਦੂਜਿਆਂ ’ਚ ਵੰਡਿਆ ਤੇ ਦਿੱਤਾ। ਮੈਨੂੰ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਦੀਆਂ ਸਰਕਾਰਾਂ ਨੇ ਫ਼ਰੀ ਦੀਆਂ ਰਿਉੜੀਆਂ ਨਾਲ ਸਾਡੇ ਲੋਕਾਂ ਦੀ ਜ਼ਮੀਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਸਾਨੂੰ ਬਜਾਏ ਵੰਡਣ ਵਾਲੇ ਸਗੋਂ ਮੰਗਣ ਵਾਲੇ ਪਾਸੇ ਲਾ ਦਿੱਤਾ । ਅਫ਼ਸੋਸ ਹੈ ਕਿ ਅੱਜ ਛੋਟਾ ਜਿਹਾ ਕੋਈ ਲਾਲਚ ਦਿੱਤਾ ਜਾਂਦਾ ਹੈ ਤਾਂ ਅਸੀਂ ਸਮੇਤ ਪਰਿਵਾਰ ਦੂਸਰੇ ਦੇ ਪਾਰੇ ’ਚ ਬੈਠਣ ਲਈ ਤਿਆਰ ਹੋ ਜਾਂਦੇ ਹਾਂ।
ਉਨ੍ਹਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਪਵਿੱਤਰ ਜਨਮ ਸਥਾਨ ਤੇ ਮੱਥਾ ਟੇਕਣ ਦਾ ਅਵਸਰ ਪ੍ਰਾਪਤ ਹੋ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗ਼ਲ ਸਲਤਨਤ ਦੀਆਂ ਨੀਂਹਾਂ ਹਿਲਾ ਕੇ ਜ਼ੁਲਮ ਦੇ ਕਿਲ੍ਹੇ ਢਾਹ ਦਿੱਤੇ ਅਤੇ ਇਨਸਾਫ਼ ਸਥਾਪਤ ਕਰਦੇ ਹੋਏ ਖ਼ਾਲਸਾ ਰਾਜ ਦਾ ਝੰਡਾ ਲਹਿਰਾਇਆ। ਉਨ੍ਹਾਂ ਨੇ ਯਾਦ ਕਰਵਾਇਆ ਕਿ ਜਦੋਂ ਬੇ ਰਹਿਮ ਕਠੋਰ ਹਾਕਮ ਨੇ ਉਸ ਦੇ ਨੰਨੇ ਪੁੱਤਰ ਭਾਈ ਅਜੈ ਸਿੰਘ ਦੀ ਛਾਤੀ ਚੀਰ ਕੇ ਕਲੇਜਾ ਉਸ ਦੇ ਮੂੰਹ ਵਿੱਚ ਪਾਇਆ, ਤਦ ਵੀ ਬਾਬਾ ਬੰਦਾ ਬਹਾਦਰ ਜ਼ੁਲਮ ਅੱਗੇ ਨਾ ਝੁਕੇ ਅਤੇ ਗੁਰੂ ਸਾਹਿਬ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਬੇਮਿਸਾਲ ਸ਼ਹੀਦੀ ਪ੍ਰਾਪਤ ਕੀਤੀ।
ਡਾ. ਸਲਾਰੀਆ ਨੇ ਕਿਹਾ, “ਬਾਬਾ ਬੰਦਾ ਸਿੰਘ ਬਹਾਦਰ ਦੀ ਜ਼ਿੰਦਗੀ ਅਸਲ ਪ੍ਰੇਰਣਾ ਸਰੋਤ ਹੈ। ਮੈਂ ਖ਼ੁਦ ਇੱਕ ਰਾਜਪੂਤ ਖੱਤਰੀ ਹੋਣ ਦੇ ਨਾਤੇ ਬੇਹੱਦ ਮਾਣ ਮਹਿਸੂਸ ਕਰਦਾ ਹਾਂ ਕਿ ‘ਬੰਦਾ ਬੈਰਾਗੀ’ ਨੇ ਮਨੁੱਖਤਾ ਅਤੇ ਗੁਰੂ ਦੀ ਮੁਹਿੰਮ ਲਈ ਆਪਾ ਕੁਰਬਾਨ ਕੀਤਾ। ਸਾਨੂੰ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਸਿੰਘ ਬਹਾਦਰ ਵਾਂਗ ਯੋਧੇ ਬਣਨ। ਉਨ੍ਹਾਂ ਦੇ ਜਨਮ ਸਥਾਨ ਦੀ ਯਾਤਰਾ ਕਰਵਾਉਣਾ ਇਸ ਪਵਿੱਤਰ ਵਿਰਾਸਤ ਨਾਲ ਜੋੜਨ ਦਾ ਇਕ ਢੰਗ ਹੈ।”
ਡਾ. ਸਲਾਰੀਆ ਨੇ ਕਿਹਾ ਕਿ ਇਹ ਯਾਤਰਾ ਸਿਰਫ਼ ਇਕ ਧਾਰਮਿਕ ਯਾਤਰਾ ਨਹੀਂ, ਸਗੋਂ ਸਾਡੀ ਵਿਰਾਸਤ, ਸ਼ਹੀਦਾਂ ਦੀਆਂ ਕੁਰਬਾਨੀਆਂ, ਸਿੱਖ ਇਤਿਹਾਸ ਅਤੇ ਰਾਸ਼ਟਰੀ ਏਕਤਾ ਨਾਲ ਮੁੜ ਜੋੜਨ ਦਾ ਮਹਾਨ ਯਤਨ ਹੈ। ਇਹ ਯਾਤਰਾ ਸੰਗਤ ਵਿਚਕਾਰ ਪਿਆਰ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੇਗੀ, ਸੇਵਾ ਭਾਵਨਾ ਅਤੇ ਗੁਰੂ ਪ੍ਰਤੀ ਸ਼ਰਧਾ -ਭਗਤੀ ਨੂੰ ਗਹਿਰਾਈ ਬਖ਼ਸ਼ੇਗੀ। ਉਨ੍ਹਾਂ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਾਸਤ ਨਾਲ ਜੋੜਨ ਦੀ ਅਪੀਲ ਕੀਤੀ।