Tuesday, September 23, 2025

Entertainment

ਨਿੱਕਾ ਜ਼ੈਲਦਾਰ 4’ ਵਿੱਚ ਸਿੱਖ ਔਰਤ ਵੱਲੋਂ  ਸਿਗਰਟਨੋਸ਼ੀ ਸਿੱਖ ਸੱਭਿਆਚਾਰ ਤੇ ਪਰੰਪਰਾ ਵਿਰੁੱਧ ਸਾਜ਼ਿਸ਼ : ਪ੍ਰੋ. ਸਰਚਾਂਦ ਸਿੰਘ ਖਿਆਲਾ

September 22, 2025 05:37 PM
SehajTimes
ਅੰਮ੍ਰਿਤਸਰ : ਭਾਜਪਾ ਪੰਜਾਬ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਆਉਣ ਵਾਲੀ ਪੰਜਾਬੀ ਫ਼ਿਲਮ ‘ਨਿੱਕਾ ਜ਼ੈਲਦਾਰ 4’ ਦੇ ਟ੍ਰੇਲਰ ਵਿੱਚ ਕੁਝ ਦ੍ਰਿਸ਼ਾਂ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਟ੍ਰੇਲਰ ਵਿੱਚ ਅਦਾਕਾਰਾ ਸੋਨਮ ਬਾਜਵਾ, ਜੋ ਸਿੱਖ ਪਰਿਵਾਰ ਦੀ ਇਕ ਨੂੰਹ ਦਾ ਕਿਰਦਾਰ ਨਿਭਾ ਰਹੀ ਹੈ, ਨੂੰ ਸਿਗਰਟ ਫੜਿਆ ਦਿਖਾਇਆ ਗਿਆ ਹੈ। ਪ੍ਰੋ. ਖਿਆਲਾ ਨੇ ਕਿਹਾ ਕਿ ਤਮਾਕੂ ਸਿੱਖ ਰਹਿਤ ਮਰਯਾਦਾ ਦੀਆਂ ਚਾਰ ਵੱਡੀਆਂ ਕੁਰਹਿਤਾਂ ਵਿੱਚੋਂ ਇੱਕ ਹੈ। ਸਿੱਖ ਸਮਾਜ ਵਿੱਚ ਜਿੱਥੇ ਪੁਰਸ਼ ਵੀ ਤਮਾਕੂ ਨੂੰ ਹੱਥ ਲਗਾਉਣਾ ਪਾਪ ਸਮਝਦੇ ਹੋਣ, ਉੱਥੇ ਸਿੱਖ ਔਰਤ ਦੇ ਹੱਥ ’ਚ ਸਿਗਰਟ ਨੂੰ ਦਿਖਾਉਣਾ ਸਿੱਖ ਪਰੰਪਰਾ ਦਾ ਅਪਮਾਨ ਅਤੇ ਸਿੱਖੀ ਸਿਧਾਂਤਾਂ ਨਾਲ ਖੁੱਲ੍ਹਾ ਮਜ਼ਾਕ ਹੈ। ਉਨ੍ਹਾਂ ਕਿਹਾ  “ਇਹ ਸਿਰਫ਼ ਇੱਕ ਦ੍ਰਿਸ਼ ਨਹੀਂ, ਸਗੋਂ ਸਿੱਖ ਧਰਮ ਅਤੇ ਪੰਜਾਬੀ ਸੱਭਿਆਚਾਰ ਨੂੰ ਢਾਹੁਣ ਲਈ ਰਚੀ ਗਈ ਡੂੰਘੀ ਸਾਜ਼ਿਸ਼ ਹੈ, ਜਿਸ ਦਾ ਮਕਸਦ ਨਵੀਂ ਪੀੜ੍ਹੀ ਦੇ ਮਨਾਂ ਵਿੱਚ ਸਿੱਖ ਔਰਤਾਂ ਦੀ ਗ਼ਲਤ ਛਵੀ ਬਿਠਾਉਣਾ ਹੈ। ਇਸ ਤਰ੍ਹਾਂ ਦੇ ਇਤਰਾਜ਼ਯੋਗ ਦ੍ਰਿਸ਼ ਤੁਰੰਤ ਹਟਾਏ ਜਾਣੇ ਚਾਹੀਦੇ ਹਨ।” ਇਸ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ ਅਤੇ ਐਮੀ ਵਿਰਕ ਮੁੱਖ ਭੂਮਿਕਾ ਵਿੱਚ ਹੈ। ਪ੍ਰੋ. ਖਿਆਲਾ ਨੇ ਕਿਹਾ ਕਿ ਇਹ ਅਫ਼ਸੋਸਨਾਕ ਹੈ ਕਿ ਐਮੀ ਵਿਰਕ ਵਰਗੇ ਸੰਵੇਦਨਸ਼ੀਲ ਕਲਾਕਾਰ ਦੀ ਮੌਜੂਦਗੀ ਦੇ ਬਾਵਜੂਦ ਫ਼ਿਲਮ ਵਿੱਚ ਸਿੱਖ ਪਰਿਵਾਰ ਦੀ ਔਰਤ ਨੂੰ ਸਿਗਰਟ ਅਤੇ ਹੁੱਕਾ ਪੀਂਦਿਆਂ ਦਿਖਾ ਕੇ ਨਾਰੀ ਜਾਤੀ ਦਾ ਚਰਿੱਤਰ-ਹਨਨ ਕੀਤਾ ਗਿਆ ਹੈ। ਉਨ੍ਹਾਂ ਕਿਹਾ“ਐਮੀ ਵਿਰਕ ਵਰਗੇ ਕਲਾਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਨੌਜਵਾਨ ਉਨ੍ਹਾਂ ਨੂੰ ਰੋਲ ਮਾਡਲ ਮੰਨਦੇ ਹਨ। ਜਦੋਂ ਸਿੱਖ ਪਰਿਵਾਰ ਦੀ ਔਰਤ ਨੂੰ ਸ਼ਰਾਬ, ਹੁੱਕਾ ਤੇ ਸਿਗਰਟ ਨਾਲ ਜੋੜ ਕੇ ਸਿੱਖ ਜੀਵਨ ਸ਼ੈਲੀ ਨੂੰ ਬਦਨਾਮ ਕੀਤਾ ਜਾਂਦਾ ਹੈ, ਤਾਂ ਇਸ ਨੂੰ ਰੋਕਣਾ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ,” ਉਨ੍ਹਾਂ ਕਿਹਾ ਕਿ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਲੰਮੇ ਸਮੇਂ ਤੋਂ ਅਸ਼ਲੀਲਤਾ, ਹਥਿਆਰ, ਗੈਂਗ ਸੰਸਕਾਰ, ਹਿੰਸਾ ਅਤੇ ਨਸ਼ਿਆਂ ਨੂੰ ਵਧਾਵਾ ਦੇ ਰਹੀ ਸੀ। ਹੁਣ ਇਸ ਤੋਂ ਵੀ ਅੱਗੇ ਵੱਧ ਕੇ ਸਿੱਖ ਔਰਤਾਂ ਨੂੰ ਹੁੱਕਾ, ਸ਼ਰਾਬ ਅਤੇ ਸਿਗਰਟ ਪੀਂਦਿਆਂ ਦਿਖਾ ਕੇ ਪੰਜਾਬੀ ਸੱਭਿਆਚਾਰ, ਵਿਰਾਸਤ ਅਤੇ ਸਿੱਖ ਧਰਮ ਦੀ ਮਾਣ-ਮਰਯਾਦਾ ਖ਼ਿਲਾਫ਼ ਮਨੋਵਿਗਿਆਨਕ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬਾਜ਼ਾਰੀ ਹਿੱਤਾਂ ਲਈ ਪੰਜਾਬੀ ਸੱਭਿਆਚਾਰ ਨੂੰ ਕੁਰਬਾਨ ਕਰਨ ਦਾ ਇਹ ਖ਼ਤਰਨਾਕ ਰੁਝਾਨ ਆਉਣ ਵਾਲੀ ਪੀੜ੍ਹੀ ਨੂੰ ਉਸ ਦੀਆਂ ਜੜ੍ਹਾਂ ਤੋਂ ਕੱਟ ਦੇਵੇਗਾ। “ਇਹ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਨੌਜਵਾਨਾਂ ਲਈ ਹੋਰ ਵੀ ਖ਼ਤਰਨਾਕ ਹੈ ਕਿਉਂਕਿ ਉਹ ਪੰਜਾਬ ਨੂੰ ਫ਼ਿਲਮਾਂ ਅਤੇ ਗੀਤਾਂ ਰਾਹੀਂ ਹੀ ਜਾਣਦੇ ਹਨ। ਵਪਾਰਕ ਲਾਲਚ ਅਤੇ ਪੈਸੇ ਦੀ ਭੁੱਖ ਤੋਂ ਪੈਦਾ ਹੋਇਆ ਇਹ ਰੁਝਾਨ ਭਵਿੱਖ ਵਿੱਚ ਸੱਭਿਆਚਾਰਕ ਸੰਕਟ ਖੜ੍ਹਾ ਕਰੇਗਾ ਅਤੇ ਪੰਜਾਬੀ ਵਿਰਾਸਤ ਦੀਆਂ ਕਦਰਾਂ-ਕੀਮਤਾਂ ਮਿੱਟੀ ਵਿੱਚ ਮਿਲਾ ਦੇਵੇਗਾ,” ਪ੍ਰੋ. ਖਿਆਲਾ ਨੇ ਕਿਹਾ ਕਿ ਹਰ ਪੰਜਾਬੀ ਨੂੰ ਆਪਣੀ ਵਿਰਾਸਤ ਅਤੇ ਸੱਭਿਆਚਾਰ ’ਤੇ ਮਾਣ ਹੈ ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਕੋਲ ਕੋਈ ਪੱਕੀ ਸਭਿਆਚਾਰਕ ਨੀਤੀ ਨਹੀਂ ਹੈ। ਉਨ੍ਹਾਂ ਯਾਦ ਦਿਵਾਇਆ ਕਿ ਸੁਪਰੀਮ ਕੋਰਟ ਨੇ ਪਿਛਲੀ ਸਰਕਾਰ ਦੇ ਸਮੇਂ ਬੱਸਾਂ ਵਿੱਚ ਚਲਦੇ ਅਸ਼ਲੀਲ ਤੇ ਹਿੰਸਕ ਗੀਤਾਂ ਅਤੇ ਵੀਡੀਓ ’ਤੇ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ ਸੀ। ਓਸੇ ਤਰ੍ਹਾਂ ਹੁਣ ਸੈਂਸਰ ਬੋਰਡ ਨੂੰ ਵੀ ਸਖ਼ਤ ਕਾਰਵਾਈ ਕਰਨੀ ਹੋਵੇਗੀ ਅਤੇ ਸਮਾਜ ਤੇ ਸੱਭਿਆਚਾਰ ਵਿੱਚ ਵਿਗਾੜ ਪੈਦਾ ਕਰਨ ਵਾਲੇ ਦ੍ਰਿਸ਼ ਰੋਕਣੇ ਹੋਣਗੇ। ਅੰਤ ਵਿੱਚ ਪ੍ਰੋ. ਖਿਆਲਾ ਨੇ ਸਾਰੀ ਦੁਨੀਆ ਦੇ ਪੰਜਾਬੀਆਂ ਨੂੰ ਪੰਜਾਬੀ ਫ਼ਿਲਮਾਂ ਰਾਹੀਂ ਵਾਰ-ਵਾਰ ਰਚੀ ਜਾ ਰਹੀ ਇਸ ਸਾਜ਼ਿਸ਼ੀ ਪ੍ਰਵਿਰਤੀ ਤੋਂ ਸਚੇਤ ਰਹਿਣ ਦੀ ਅਪੀਲ ਕੀਤੀ।“ਪੰਜਾਬੀਆਂ ਦਾ ਚਰਿੱਤਰ ਹਮੇਸ਼ਾ ਬੇਦਾਗ਼, ਸਿਹਤਮੰਦ ਅਤੇ ਅਣਖ-ਆਬਰੂ ਵਾਲਾ ਰਿਹਾ ਹੈ। ਸਾਡੀ ਪਰੰਪਰਾ, ਸਨਮਾਨ ਅਤੇ ਸਵੈਮਾਣ ਦੀ ਰੱਖਿਆ ਲਈ ਹਰ ਪੰਜਾਬੀ ਨੂੰ ਇਸ ਡੂੰਘੀ ਸਾਜ਼ਿਸ਼ ਦੇ ਖ਼ਿਲਾਫ਼ ਖੜ੍ਹਾ ਹੋਣਾ ਪਵੇਗਾ। ਖ਼ਾਸ ਕਰਕੇ ਪੰਜਾਬੀ ਸਿਖ ਔਰਤਾਂ ਨੂੰ ਇਸ ਸਭਿਆਚਾਰਕ ਚਰਿੱਤਰ-ਹਨਨ ਦਾ ਵਿਰੋਧ ਕਰਨ ਲਈ ਅੱਗੇ ਆਉਣਾ ਪਵੇਗਾ, ਨਹੀਂ ਤਾਂ ਸਾਡੀ ਸਿਹਤਮੰਦ ਧਰੋਹਰ ਡੂੰਘੇ ਸੰਕਟ ਵਿੱਚ ਧੱਕੀ ਜਾਵੇਗੀ,। 
 

Have something to say? Post your comment

 

More in Entertainment

ਪੰਜਾਬੀ ਗਾਇਕ ਮਨਿੰਦਰ ਦਿਓਲ ਵੀ ਪੰਜਾਬ ਦੀ ਮਦਦ ਵਿੱਚ ਆਏ ਸਾਹਮਣੇ

ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਹੋਏ ਪੰਜ ਤੱਤਾਂ ‘ਚ ਵਿਲੀਨ

ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ

ਭੁਟਾਨੀ ਫਿਲਮਫੇਅਰ ਐਵਾਰਡਜ਼ ਪੰਜਾਬੀ 2025: ਸਰਗੁਨ ਮਹਿਤਾ ਨੇ ਪ੍ਰੈੱਸ ਕਾਨਫਰੈਂਸ ਵਿੱਚ ਕੀਤਾ ‘ਬਲੈਕ ਲੇਡੀ’ ਦਾ ਖੁਲਾਸਾ

ਤੀਆਂ ਦੇ ਤਿਉਹਾਰ ਮੌਕੇ ਔਰਤਾਂ ਨੇ ਖੂਬ ਰੌਣਕਾਂ ਲਾਈਆਂ 

ਅਦਾਕਾਰ ਵਰੁਣ ਧਵਨ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਪਿੰਡ ਭੁਰਥਲਾ ਮੰਡੇਰ ਵਿਖੇ ਦਿਨ ਐਤਵਾਰ ਨੂੰ ਤੀਆਂ ਦਾ ਤਿਉਹਾਰ ਮਨਾਇਆ ਗਿਆ

ਮਮਤਾ ਡੋਗਰਾ ਸਟਾਰ ਆਫ਼ ਟ੍ਰਾਈਸਿਟੀ ਦੀ ਤੀਜ ਕਵੀਨ ਬਣੀ, ਡਿੰਪਲ ਦੂਜੇ ਸਥਾਨ 'ਤੇ ਅਤੇ ਸਿੰਮੀ ਗਿੱਲ ਤੀਜੇ ਸਥਾਨ 'ਤੇ ਰਹੀ

ਸਿੱਧੂ ਮੂਸੇਵਾਲਾ ਦਾ ‘ਸਾਈਨਡ ਟੂ ਗੌਡ ਵਰਲਡ ਟੂਰ’, ਅਗਲੇ ਸਾਲ ਹੋਵੇਗਾ

ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ‘ਚ ਹੋਇਆ ਦਿਹਾਂਤ