ਪੁਲਿਸ ਦੇ ਨੱਕ ਹੇਠ ਚੱਲ ਰਹੀਆਂ ਭੂੰਗ ਵਾਲੀਆਂ ਟਰਾਲੀਆਂ
ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਸੁਨਾਮ ਦੇ ਸਾਹਮਣੇ ਅੱਧੀ ਕੁ ਰਾਤ ਨੂੰ ਫਲਾਈਓਵਰ ਤੇ ਵਾਪਰੇ ਹਾਦਸੇ ਵਿੱਚ ਟਰੱਕ ਚਾਲਕ ਦੀ ਮੌਤ ਹੋ ਗਈ ਹੈ। ਤੂੜੀ ਨਾਲ ਭਰੀ ਟਰਾਲੀ ਨੂੰ ਪਾਸ ਕਰਨ ਸਮੇਂ ਟਰੱਕ, ਟਰਾਲੀ ਅਤੇ ਟਰਾਲਾ ਆਪਸ ਵਿੱਚ ਟਕਰਾਅ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵੀਰਵਾਰ ਦੀ ਲੰਘੀ ਰਾਤ ਨੂੰ ਸੁਨਾਮ ਵਿਖੇ ਵਾਪਰੇ ਹਾਦਸੇ ਸਮੇਂ ਸਿਵਲ ਹਸਪਤਾਲ ਨੇੜੇ ਫਲਾਈ ਓਵਰ ਚੜ੍ਹਨ ਸਮੇਂ ਇੱਕ ਟਰੱਕ ਅੱਗੇ ਜਾ ਰਹੀ ਤੂੜੀ ਦੀ ਨੱਕੋ ਨੱਕ ਭਰੀ ਭੂੰਗ ਵਾਲੀ ਟਰਾਲੀ ਨੂੰ ਪਾਸ ਕਰਨ ਲੱਗਿਆ ਤਾਂ ਅੱਗਿਉਂ ਆ ਰਹੇ ਰੇਤੇ ਦੇ ਭਰੇ ਟਰਾਲੇ ਸਣੇ ਤਿੰਨੋ ਵਾਹਨ ਆਪਿਸ ਵਿੱਚ ਬੁਰੀ ਤਰ੍ਹਾਂ ਟਕਰਾਅ ਗਏ।ਜਿਸ ਕਾਰਨ ਭੂੰਗ ਵਾਲੀ ਟਰਾਲੀ ਪਲਟ ਗਈ ਜਦਕਿ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਟਰੱਕ ਚਾਲਕ ਬਲਿਹਾਰਾ ਸਿੰਘ ਉਰਫ ਨਿੱਕਾ ਪਿੰਡ ਹੀਰੋਂ ਕਲਾਂ ਟਰੱਕ ਦੇ ਕੈਬਿਨ 'ਵਿੱਚ ਹੀ ਫਸ ਗਿਆ।ਪੁਲਿਸ ਮੁਲਾਜ਼ਮ ਵੀ ਮੌਕੇ 'ਤੇ ਪਹੁੰਚ ਗਏ ਅਤੇ ਗੰਭੀਰ ਜਖਮੀ ਹਾਲਤ ਵਿਚ ਟਰੱਕ ਚਾਲਕ ਨੂੰ ਰਾਹਗੀਰਾਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਕੇ ਸਿਵਲ ਹਸਪਤਾਲ ਸੁਨਾਮ ਪਹੁੰਚਾਇਆ ,ਡਾਕਟਰਾਂ ਨੇ ਨੌਜਵਾਨ ਬਲਿਹਾਰਾ ਸਿੰਘ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਬਲਿਹਾਰਾ ਸਿੰਘ ਉਰਫ ਨਿੱਕਾ(34) ਪੁੱਤਰ ਗੁਰਜੰਟ ਸਿੰਘ ਵਾਸੀ ਹੀਰੋਂ ਕਲ੍ਹਾਂ ਜਿਲ੍ਹਾ ਮਾਨਸਾ ਦੀ ਮੌਤ ਹੋ ਗਈ।
ਡੱਬੀ
ਪੁਲਿਸ ਦੇ ਨੱਕ ਹੇਠ ਚੱਲਦੀਆਂ ਨੇ ਭੂੰਗ ਵਾਲੀਆਂ ਟਰਾਲੀਆਂ
ਹਾਦਸਿਆਂ ਦਾ ਬਣ ਰਹੀਆਂ ਕਾਰਨ
ਸੁਨਾਮ ਵਿਖੇ ਵਾਪਰੇ ਹਾਦਸੇ ਕਾਰਨ ਫਲਾਈਓਵਰ ਤੇ ਫ਼ਸੇ ਵਾਹਨਾਂ ਨੂੰ ਸਵੇਰੇ ਜੇਸੀਬੀ ਨਾਲ ਹਟਾਇਆ ਗਿਆ ਅਤੇ ਟਰੈਫਿਕ ਨੂੰ ਆਮ ਵਾਂਗ ਚਾਲੂ ਕੀਤਾ। ਇਸ ਮੌਕੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਤੂੜੀ ਦੀ ਢੋਆ ਢੁਆਈ ਕਰਨ ਵਾਲੀਆਂ ਭੂੰਗ ਵਾਲੀਆਂ ਟਰਾਲੀਆਂ ਪੁਲਿਸ ਦੇ ਨੱਕ ਹੇਠ ਸ਼ਰੇਆਮ ਸੜਕਾਂ ਤੇ ਆਵਾਜਾਈ ਨਿਯਮਾਂ ਨੂੰ ਛਿੱਕੇ ਟੰਗ ਕੇ ਚੱਲ ਰਹੀਆਂ ਹਨ। ਉਨ੍ਹਾਂ ਆਖਿਆ ਕਿ ਇਹ ਟਰੈਕਟਰ ਟਰਾਲੀਆਂ ਅਕਸਰ ਹਾਦਸਿਆਂ ਦਾ ਕਾਰਨ ਬਣ ਜਾਂਦੀਆਂ ਹਨ।