ਸੁਨਾਮ : ਪੰਜਾਬ ਵਿਧਾਨ ਸਭਾ ਦੇ ਦੋ ਹਲਕਿਆਂ ਸੁਨਾਮ ਅਤੇ ਦਿੜ੍ਹਬਾ ਅਧੀਨ ਆਉਂਦੀ ਪਿੰਡ ਜਖੇਪਲ ਵਿਖੇ ਸਥਿਤ ਸਰਕਾਰੀ ਡਿਸਪੈਂਸਰੀ ਲੋਕਾਂ ਦੇ ਇਲਾਜ ਦੀ ਜਗ੍ਹਾ ਖੁਦ ਆਪਣੇ ਇਲਾਜ਼ ਨੂੰ ਤਰਸ ਰਹੀ ਹੈ। ਡਿਸਪੈਂਸਰੀ ਵਿੱਚ ਬਰਸਾਤੀ ਪਾਣੀ ਭਰ ਜਾਣ ਕਾਰਨ ਬਿਮਾਰੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਮੌਜੂਦਾ ਸਮੇਂ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਚਿਕਨ ਗੁਨੀਆ ਅਤੇ ਡੇਂਗੂ ਦਾ ਮਾਰ ਝੱਲਣੀ ਪੈ ਰਹੀ ਹੈ। ਇੰਟਰ ਨੈਸ਼ਨਲਿਸਟ ਡੋਮੋਕਰੇਟਿਕ ਪਲੇਟਫਾਰਮ (ਆਈ ਡੀ ਪੀ) ਦੇ ਸੂਬਾਈ ਆਗੂ ਕਰਨੈਲ ਸਿੰਘ ਜਖੇਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਾਤਾਰ ਮੀਂਹ ਪੈਣ ਨਾਲ ਨੀਵੀਆਂ ਬਸਤੀਆਂ ਵਿੱਚ ਪਾਣੀ ਭਰ ਗਿਆ ਹੈ , ਛੱਤਾਂ ਡਿੱਗਣ ਲੱਗ ਪਈਆਂ ਹਨ , ਕੰਧਾਂ ਵਿੱਚ ਤਰੇੜਾਂ ਆ ਗਈਆ ਹਨ ।ਅਜੇ ਤੱਕ ਪ੍ਰਸ਼ਾਸਨ ਨੇ ਇਨ੍ਹਾਂ ਘਰਾਂ ਤੱਕ ਕੋਈ ਪਹੁੰਚ ਨਹੀਂ ਕੀਤੀ। ਪੀੜਤ ਪਰਿਵਾਰਾਂ ਦੇ ਘਰਾਂ ਤੱਕ ਸਿਹਤ ਮਹਿਕਮੇ ਦੀ ਨਜ਼ਰ ਵੀ ਨਹੀਂ ਗਈ । ਉਨ੍ਹਾਂ ਆਖਿਆ ਕਿ ਬਰਸਾਤਾਂ ਦੇ ਦਿਨਾਂ ਦੌਰਾਨ ਡਿਸਪੈਂਸਰੀ ਵਿੱਚ ਵੀ ਪਾਣੀ ਭਰ ਜਾਂਦਾ ਹੈ। ਅਜਿਹੇ ਵਿੱਚ ਸਿਹਤ ਮਹਿਕਮਾ ਖੁਦ ਹੀ ਬਿਮਾਰ ਹੈ। ਕੁੱਝ ਸਮਾਂ ਪਹਿਲਾਂ ਪਿੰਡਾ ਦੀਆਂ ਡਿਸਪੈਂਸਰੀਆਂ ਤੋੜਕੇ ਬਲਾਕ ਪੱਧਰ ਤੇ ਵਧੀਆ ਹਸਪਤਾਲ ਬਣਾਉਣ ਦਾ ਵਾਅਦਾ ਕੀਤਾ ਸੀ ਇਹ ਵਾਅਦਾ ਹੀ ਬਿਆਨ ਬਣਕੇ ਰਹਿ ਗਿਆ। ਆਈ ਡੀ ਪੀ ਦੇ ਸੂਬਾਈ ਆਗੂ ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਸੁਨਾਮ ਹਸਪਤਾਲ ਦਾ ਸੀਨੀਅਰ ਡਾਕਟਰ ਇੱਕ ਇੰਟਰਵਿਊ ਵਿੱਚ ਪੂਰੀ ਤਰਾਂ ਬੇਬੱਸ ਦਿਖਾਈ ਦੇ ਰਹੇ ਸਨ ਕਿ ਲੋਕਾਂ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਵਿਚ ਜਾਣ ਚਾਹੀਦਾ ਹੈ। ਉਥੇ ਕਿੰਨੇ ਮਰੀਜ਼ ਜਾ ਸਕਦੇ ਹਨ। ਉਨ੍ਹਾਂ ਆਖਿਆ ਕਿ ਸਿਹਤ ਵਿਭਾਗ ਨੇ ਬਰਸਾਤਾਂ ਨਾਲ ਬਿਮਾਰੀਆਂ ਫੈਲਣ ਦੇ ਡਰੋਂ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਵੀ ਕਰਨਾ ਮੁਨਾਸਿਬ ਨਹੀਂ ਸਮਝਿਆ। ਇਸ ਸਮੇਂ ਇਲਾਕੇ ਵਿੱਚ ਚਿਕਨ ਗੁਨੀਆ ਤੇ ਡੇਂਗੂ ਦਾ ਹਮਲਾ ਹੋ ਗਿਆ ਹੈ ਪਰ ਸਰਕਾਰੀ ਡਿਸਪੈਂਸਰੀਆਂ ਵਿੱਚ ਇਲਾਜ਼ ਨਾ ਹੋਣ ਕਾਰਨ ਪ੍ਰਾਈਵੇਟ ਡਾਕਟਰਾਂ ਤੋਂ ਇਲਾਜ਼ ਕਰਵਾਉਣਾ ਪੈ ਰਿਹਾ ਹੈ ਜਿਹੜਾ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੈ । ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਬੁਰੀ ਤਰਾਂ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸਿਹਤ ਮਹਿਕਮਾ ਲੋਕਾਂ ਤੱਕ ਪਹੁੰਚ ਕਰਕੇ ਲੋਕਾਂ ਦੇ ਇਲਾਜ ਲਈ ਕਾਰਗਰ ਕਦਮ ਚੁੱਕਣ ਨੂੰ ਯਕੀਨੀ ਬਣਾਵੇ।