ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸੁਨਾਮ ਵਿਧਾਨ ਸਭਾ ਹਲਕੇ ਦੇ ਇੰਚਾਰਜ਼ ਇੰਜ. ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਅਤੇ ਪ੍ਰਸ਼ਾਸਨ ਨੂੰ ਬਰਸਾਤਾਂ ਨਾਲ ਗਰੀਬ ਲੋਕਾਂ ਦੇ ਡਿੱਗੇ ਘਰ ਦਿਖਾਈ ਨਹੀਂ ਦੇ ਰਹੇ। ਕੁਦਰਤੀ ਆਫ਼ਤ ਕਾਰਨ ਬੇਘਰ ਹੋਏ ਲੋਕ ਤਰਪਾਲਾਂ ਤਾਣਕੇ ਜੀਵਨ ਬਸਰ ਕਰਨ ਲਈ ਮਜਬੂਰ ਹੋ ਰਹੇ ਹਨ। ਐਤਵਾਰ ਨੂੰ ਸੁਨਾਮ ਹਲਕੇ ਦੇ ਪਿੰਡ ਬਖ਼ਸ਼ੀਵਾਲਾ ਅਤੇ , ਸ਼ਹਿਰ ਦੀ ਇੰਦਰਾ ਬਸਤੀ ਵਿੱਚ ਭਾਰੀ ਮੀਹਾਂ ਨਾਲ ਘਰੋਂ ਬੇਘਰ ਹੋਏ ਲੋਕਾਂ ਦੀ ਮਾਲੀ ਮੱਦਦ ਕਰਨ ਲਈ ਪੁੱਜੇ ਨੌਜਵਾਨ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਆਖਿਆ ਕਿ ਸੂਬੇ ਦੀ ਸਰਕਾਰ ਨੂੰ ਗਰੀਬ ਲੋਕਾਂ ਲਈ ਮੁਸੀਬਤ ਬਣੀ ਸਮੱਸਿਆ ਦਿਖਾਈ ਨਹੀਂ ਦੇ ਰਹੀ, ਗਰੀਬ ਪਰਿਵਾਰਾਂ ਨੂੰ ਬਿਨਾਂ ਛੱਤਾਂ ਤੋਂ ਗੁਜ਼ਾਰਾ ਕਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਦੇਣ ਨੂੰ ਯਕੀਨੀ ਬਣਾਵੇ । ਉਨ੍ਹਾਂ ਸੂਬੇ ਦੀ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਸੈਟੇਲਾਈਟ ਰਾਹੀਂ ਕਿਸਾਨ ਆਪਣੇ ਹੀ ਖੇਤਾਂ ਵਿੱਚ ਮਿੱਟੀ ਪੁੱਟਦਾ ਦਿਸ ਜਾਂਦਾ ਹੈ, ਮਜਬੂਰੀ ਵੱਸ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਅਤੇ ਕਰਚਿਆਂ ਲੱਗੀ ਅੱਗ ਦਿਸਦੀ ਐ, ਲੇਕਿਨ ਮੀਂਹ ਨਾਲ ਗਰੀਬ ਲੋਕਾਂ ਦੇ ਡਿੱਗੇ ਹੋਏ ਘਰ ਦਿਖਾਈ ਨਹੀਂ ਦੇ ਰਹੇ ।
ਡਰੇਨਾਂ ਦੀ ਸਫ਼ਾਈ ਲਈ ਜਾਰੀ ਫੰਡਾਂ ਦੀ ਮੰਗੀ ਜਾਂਚ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਹੁਣ ਤਾਂ ਤੁਹਾਡੇ ਚਾਚੇ ਅਤੇ ਮਾਸੀ ਦੇ ਮੁੰਡੇ ਨੇ ਹੀ ਆਪਣੇ ਫੇਸਬੁੱਕ ਖ਼ਾਤੇ ਤੇ ਸਰਕਾਰ ਵੱਲੋਂ ਹੜਾਂ ਦੇ ਰੱਖ ਰਖਾਵ ਲਈ ਜਾਰੀ ਕੀਤੇ ਢਾਈ ਸੌ ਕਰੋੜ ਰੁਪਿਆ ਕਿੱਥੇ ਗਿਆ ਦਾ ਹਿਸਾਬ ਮੰਗ ਲਿਆ ਹੈ । ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਆਏ ਹੜਾਂ ਲਈ ਉਸਨੇ ਸੂਬਾ ਸਰਕਾਰ ਜ਼ਿੰਮੇਵਾਰ ਠਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਾਰੀ ਪੈਸਾ ਡਰੇਨਾਂ ਦੀ ਸਫ਼ਾਈ ਤੇ ਖਰਚਿਆਂ ਹੁੰਦਾ ਤਾਂ ਸੂਬੇ ਵਿਚ ਹੜਾਂ ਦੇ ਹਾਲਾਤ ਅਜਿਹੇ ਨਾ ਬਣਦੇ। ਅਕਾਲੀ ਆਗੂ ਗੋਲਡੀ ਨੇ ਮੰਗ ਕੀਤੀ ਹੈ ਕਿ ਹੜ੍ਹਾਂ ਲਈ ਜਾਰੀ ਫੰਡਾਂ ਦੇ ਕਥਿਤ ਘਪਲੇ ਵਿੱਚ ਸ਼ਾਮਿਲ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।