ਰਾਮਪੁਰਾ ਫੂਲ : ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਵਿੱਚ ਪਿਛਲੇ ਦਿਨਾਂ ਪਈ ਤਿੱਖੀ ਬਾਰਸ਼ ਨੇ ਕਈ ਪਿੰਡਾਂ ਵਿੱਚ ਨੁਕਸਾਨ ਕੀਤਾ।ਮੀਂਹ ਕਾਰਨ ਕਈ ਘਰ ਢਹਿ ਗਏ ਅਤੇ ਲੋਕਾਂ ਦਾ ਆਮ ਜੀਵਨ ਪ੍ਰਭਾਵਿਤ ਹੋਇਆ।ਇਸ ਸਥਿਤੀ ਨੂੰ ਨੇੜਿਓਂ ਵੇਖਣ ਅਤੇ ਪੀੜਤ ਲੋਕਾਂ ਨੂੰ ਸਹਾਰਾ ਦੇਣ ਲਈ ਵਿਧਾਇਕ ਬਲਕਾਰ ਸਿੱਧੂ ਨੇ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ।ਸਿੱਧੂ ਨੇ ਢਿਪਾਲੀ, ਬੁਰਜ ਗਿੱਲ, ਭਾਈ ਰੂਪਾ, ਕੋਠੇ ਸੁਖਾਨੰਦ, ਹਮੀਰਗੜ੍ਹ, ਭਗਤਾ ਭਾਈਕਾ ਅਤੇ ਦਿਆਲਪੁਰਾ ਮਿਰਜ਼ਾ ਸਮੇਤ ਕਈ ਪਿੰਡਾਂ ਵਿੱਚ ਪਹੁੰਚ ਕੇ ਘਰਾਂ ਦੇ ਨੁਕਸਾਨ ਦਾ ਮੁਆਇਨਾ ਕੀਤਾ।ਇਸ ਦੌਰਾਨ ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦੇ ਦੁੱਖ-ਦਰਦ ਸਾਂਝੇ ਕੀਤੇ।ਵਿਧਾਇਕ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇਗਾ।ਇਸ ਦੇ ਨਾਲ ਹੀ ਬਲਕਾਰ ਸਿੱਧੂ ਨੇ ਨਿੱਜੀ ਪੱਧਰ ‘ਤੇ ਵੀ ਮਦਦ ਕਰਨ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਉਹ ਆਪਣੀ ਤਰਫੋਂ ਘਰਾਂ ਦੇ ਮੁੜ-ਨਿਰਮਾਣ ਲਈ ਆਰਥਿਕ ਸਹਾਇਤਾ ਪ੍ਰਦਾਨ ਕਰਨਗੇ ਜਿਸ ਨਾਲ ਪਿੰਡ ਵਾਸੀਆਂ ਵਿੱਚ ਨਵੀਂ ਉਮੀਦ ਜਾਗੀ ਹੈ।ਲੋਕਾਂ ਨੇ ਵਿਧਾਇਕ ਦੀ ਇਸ ਮਨੁੱਖਤਾ-ਪ੍ਰੇਰਿਤ ਕਦਮ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।ਇਸ ਮੌਕੇ ਬਲਕਾਰ ਸਿੱਧੂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪੰਜਾਬ ਹਮੇਸ਼ਾਂ ਖੁਸ਼ਹਾਲ ਅਤੇ ਰੰਗਲਾ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਮਾਜ ਦੇ ਸਹਿਯੋਗ ਨਾਲ ਕੋਈ ਵੀ ਪਰਿਵਾਰ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਨਹੀਂ ਕਰੇਗਾ।ਵਿਧਾਇਕ ਸਿੱਧੂ ਦਾ ਇਹ ਦੌਰਾ ਨਾ ਸਿਰਫ਼ ਰਾਜਨੀਤਿਕ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ,ਸਗੋਂ ਇੱਕ ਕਲਾਕਾਰ ਦੇ ਦਿਲ ਵਿੱਚ ਵੱਸਦੀਆਂ ਮਾਨਵੀ ਭਾਵਨਾਵਾਂ ਨੂੰ ਵੀ ਪ੍ਰਗਟ ਕਰਦਾ ਹੈ।ਮੀਂਹ ਪੀੜਤ ਪਰਿਵਾਰਾਂ ਲਈ ਕੀਤਾ ਗਿਆ ਇਹ ਐਲਾਨ ਲੋਕਾਂ ਲਈ ਵੱਡਾ ਸਹਾਰਾ ਸਾਬਤ ਹੋਵੇਗਾ।ਇਸ ਮੌਕੇ ਉਹਨਾਂ ਨਾਲ ਮਾਲ ਵਿਭਾਗ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਸਨ।