ਮਾਨਸਾ : ਆਮ ਆਦਮੀ ਪਾਰਟੀ ਦੇ ਸਰਦੂਲਗੜ੍ਹ ਤੋਂ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਉਪਰਾਲਿਆਂ ਵੱਜੋਂ ਇਲਾਕੇ ਵਿਚੋਂ ਲੰਘਦੇ ਘੱਗਰ ਦਰਿਆ ਦੇ ਬੰਨ੍ਹ ਮਜ਼ਬੂਤ ਕਰਨ ਲਈ ਉਤਰੀ ਭਾਰਤ ਦੇ ਸਭ ਤੋਂ ਵੱਡੇ ਵੇਦਾਂਤਾ ਪਾਵਰ ਕੰਪਨੀ ਦੇ ਤਾਪਘਰ ਤਲਵੰਡੀ ਸਾਬੋ ਪਾਵਰ ਪਲਾਂਟ(ਟੀ ਐਸ ਪੀ ਐਲ) ਵਲੋਂ ਕੋਇਲੇ ਦੀ ਰਾਖ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਤਾਪ ਘਰ ਵਲੋਂ ਇਸ ਰਾਖ ਨੂੰ ਆਪਣੇ ਟਿੱਪਰਾਂ ਦੁਆਰਾ ਬੰਨ੍ਹ ਮਜ਼ਬੂਤ ਕਰਨ ਵਾਲੀ ਥਾਂ ਉਤੇ ਹਰ ਰੋਜ਼ ਪਹੁੰਚਾਇਆ ਜਾ ਰਿਹਾ ਹੈ। ਇਲਾਕੇ ਲਈ ਇਸ ਔਖੀ ਘੜ੍ਹੀ ਵਿਚ ਤਾਪ ਘਰ ਵਲੋਂ ਕੀਤੀ ਜਾ ਰਹੀ ਇਸ ਮਦਦ ਨੂੰ ਸਾਰਿਆਂ ਵਲੋਂ ਬੜੀ ਅਹਿਮੀਅਤ ਨਾਲ ਵੇਖਿਆ ਜਾ ਰਿਹਾ ਹੈ। ਅੱਜ ਤੱਕ ਤਕਰੀਬਨ 150 ਟਿੱਪਰਾਂ ਨੂੰ ਬੰਨ੍ਹ ਮਜ਼ਬੂਤ ਕਰਨ ਲਈ ਭੇਜਿਆ ਗਿਆ ਹੈ
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਦੇ ਟਿੱਪਰਾਂ ਵਲੋਂ ਕਈ ਕਈ ਟਰਾਲੀਆਂ ਜਿੰਨੀ ਰਾਖ ਇਕੋ ਵਾਰ ਲਿਆਂਦੀ ਜਾ ਰਹੀ ਹੈ, ਜੋ ਬੰਨ੍ਹ ਮਜ਼ਬੂਤ ਕਰਨ ਲਈ ਸਹਾਈ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਇਲਾਕੇ ਨੂੰ ਹੜ੍ਹਾਂ ਤੋਂ ਬਚਾਉਣ ਵਾਸਤੇ, ਪੰਜਾਬ ਸਰਕਾਰ, ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਦਾ ਯੋਗਦਾਨ ਹੈ, ਉਥੇ ਤਲਵੰਡੀ ਸਾਬੋ ਪਾਵਰ ਪਲਾਂਟ ਦੀ ਇਹ ਸੇਵਾ ਵੀ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਪਾਵਰ ਪਲਾਂਟ ਦੀਆਂ ਜੇਸੀਬੀ ਮਸ਼ੀਨਾਂ ਵੀ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਹੰਗਾਮੀ ਹਾਲਤ ਵਿੱਚ ਵਰਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪਲਾਂਟ ਵਲੋਂ ਪਹਿਲਾਂ ਵੀ ਇਲਾਕੇ ਦੀ ਤਰੱਕੀ ਲਈ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਹੜ੍ਹਾਂ ਵੇਲੇ ਇਲਾਕੇ ਦੇ ਔਖ ਵਿਚ ਖੜ੍ਹੇ ਰਹਿਣਾ ਵੀ ਬਹੁਤ ਵੱਡੀ ਗੱਲ ਹੈ।