ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਪਿੰਡ ਅਦਾਲਤੀਵਾਲਾ ਵਿੱਚ ਟਾਂਗਰੀ ਨਦੀ ਦਾ ਪਾਣੀ ਕਿਸਾਨਾਂ ਲਈ ਵੱਡੀ ਮੁਸੀਬਤ ਬਣ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਰਿਸ਼ ਅਤੇ ਨਦੀ ਵਿੱਚ ਪਾਣੀ ਵਧਣ ਕਾਰਨ ਖੇਤਾਂ ਵਿੱਚ ਖੜ੍ਹੀ ਕਈ ਏਕੜ ਫਸਲ ਬਰਬਾਦ ਹੋ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਜੇ ਤੁਰੰਤ ਨਦੀ ਦੇ ਪਾਣੀ ਦਾ ਵਹਾਅ ਨਾ ਰੋਕਿਆ ਗਿਆ ਤਾਂ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ। ਪਿੰਡ ਵਾਸੀਆਂ ਨੇ ਐਸ ਡੀ ਐਮ ਕਿਰਪਾਲ ਸਿੰਘ ਅਤੇ ਹੋਰਨਾਂ ਪ੍ਰਸ਼ਾਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੜਾ ਦੇ ਪਾਣੀ ਦੀ ਮਾਰ ਤੋਂ ਹਰ ਹੀਲੇ ਬਚਾਉਣ ਸਬੰਧੀ ਚੰਗੀ ਡਿਊਟੀ ਦੀ ਤਾਰੀਫ ਵੀ ਕੀਤੀ।
ਇਸ ਮੌਕੇ ਗੁਰਿੰਦਰਪਾਲ ਸਿੰਘ ਅਦਾਲਤੀਵਾਲਾ ਨੇ ਕਿਹਾ ਕਿ ਟਾਂਗਰੀ ਨਦੀ ਦੇ ਪਾਣੀ ਦਾ ਲੈਵਲ ਵਧਣ ਕਰਕੇ ਖੇਤਾਂ ਵਿੱਚ ਆਏ ਪਾਣੀ ਨਾਲ ਪਿੰਡ ਦੀ 700 ਏਕੜ ਦੇ ਕਰੀਬ ਦੀ ਫ਼ਸਲ ਖਰਾਬ ਹੋ ਚੁੱਕੀਆ ਹਨ. ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਪਾਣੀ ਤੇਜ਼ੀ ਨਾਲ ਵੱਧ ਰਿਹਾ ਹੈ, ਉਸ ਨਾਲ ਬੰਨ ਟੁੱਟਣ ਅਤੇ ਪਿੰਡਾਂ ਦੇ ਅੰਦਰ ਘਰਾਂ ਅਤੇ ਖੇਤਾਂ ਵਿੱਚ ਪਾਣੀ ਦਾਖ਼ਲ ਹੋਣ ਦਾ ਖਤਰਾ ਵੀ ਵੱਧ ਗਿਆ ਹੈ। ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਜੇ ਨਦੀਆਂ ਦੇ ਪਾਣੀ ਦੀ ਲੈਵਲ ਨਾ ਘਟਿਆ ਤਾਂ ਫਸਲਾਂ ਦੇ ਨਾਲ ਨਾਲ ਪਸ਼ੂਆਂ ਅਤੇ ਘਰਾਂ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਦੇ ਬਦਲਾਅ ਅਤੇ ਜਿਆਦਾ ਬਾਰਿਸ਼ ਨੇ ਉਹਨਾਂ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਹੈ। ਇਸ ਵਾਰ ਵੀ ਕਾਫ਼ੀ ਸਾਰੇ ਕਿਸਾਨਾਂ ਦੀ ਜੀਰੀ ਅਤੇ ਹੋਰ ਫਸਲਾਂ ਖੜ੍ਹੀਆਂ ਸਨ, ਪਰ ਪਾਣੀ ਭਰ ਜਾਣ ਕਾਰਨ ਉਹਨਾਂ ਦੀਆਂ ਉਮੀਦਾਂ ਟੁੱਟਦੀਆਂ ਦਿਖ ਰਹੀਆਂ ਹਨ। ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜ਼ਰੂਰੀ ਪ੍ਰਬੰਧ ਕਰਕੇ ਪਾਣੀ ਦੇ ਰੁੱਖ ਨੂੰ ਕਾਬੂ ਕੀਤਾ ਜਾਵੇ ਅਤੇ ਪਿੰਡ ਵਾਸੀਆਂ ਨੂੰ ਰਾਹਤ ਦਿੱਤੀ ਜਾਵੇ।
ਇਲਾਕੇ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਦੀ ਦੇ ਕੰਢੇ 'ਤੇ ਹੋਰ ਮਜ਼ਬੂਤ ਬੰਧ ਬਣਾਏ ਜਾਣ ਅਤੇ ਤੁਰੰਤ ਹੋਰ ਰਾਹਤ ਟੀਮਾਂ ਨੂੰ ਤਾਇਨਾਤ ਕਰਕੇ ਕਿਸਾਨਾਂ ਦੇ ਹੋਣ ਵਾਲੇ ਹੋਰ ਨੁਕਸਾਨ ਨੂੰ ਬਚਾਇਆ ਜਾਵੇ। ਇਸ ਮੌਕੇ ਪਿੰਡ ਅਦਾਲਤੀਵਾਲਾ ਤੋਂ ਤਰਸੇਮ ਸਿੰਘ, ਤਜਿੰਦਰ ਸਿੰਘ, ਅਮਰਿੰਦਰ ਸਿੰਘ, ਸੰਦੀਪ ਸਿੰਘ, ਹਰਦੇਵ ਸਿੰਘ, ਸਤਵਿੰਦਰ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਵਿਸ਼ੇਸ਼ ਟੂਰ ਤੇ ਮੌਜੂਦ ਰਹੇ.