ਮਲੇਰਕੋਟਲਾ : ਜ਼ਿਲਾ ਮਾਲੇਰਕੋਟਲਾ ਦੇ ਪ੍ਰਧਾਨ ਮੁਹੰਮਦ ਹਨੀਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਕੋਰ ਕਮੇਟੀ ਦੇ ਮੈਂਬਰਾਂ ਨੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਸਮੁੱਚੇ ਪੰਜਾਬ ਦੇ ਜੈ ਮਲਾਪ ਮੈਂਬਰਾਂ ਵੱਲੋਂ ਮੁੱਖ ਮੰਤਰੀ ਪੰਜਾਬ ਰਾਹਤ ਫੰਡ ਵਿੱਚ 2 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਹ ਰਕਮ ਪੰਜਾਬ ਵਿੱਚ ਹਾਲੀਆ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਦਿੱਤੀ ਗਈ ਹੈ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਸੋਸੀਏਸ਼ਨ ਦੇ ਇਸ ਮਨੁੱਖਤਾ ਭਰੇ ਕਦਮ ਦੀ ਖੁੱਲ੍ਹ ਕੇ ਸਰਾਹਨਾ ਕੀਤੀ ਅਤੇ ਕਿਹਾ ਕਿ ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਨੇ ਸੰਕਟ ਦੀ ਘੜੀ ਵਿੱਚ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਨੇ ਸਮੁੱਚੇ ਪੰਜਾਬ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰ ਤੇ ਜਨਤਾ ਇਸ ਯੋਗਦਾਨ ਨੂੰ ਕਦੇ ਨਹੀਂ ਭੁੱਲੇਗੀ।
ਪੰਜਾਬ ਪ੍ਰਧਾਨ ਜਗਦੀਪ ਭਾਰਦਵਾਜ ਨੇ ਸਿਹਤ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰ ਆਪਣੇ ਨਿੱਜੀ ਪੱਧਰ ’ਤੇ ਵੀ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਇਹ ਭਰੋਸਾ ਵੀ ਦਵਾਇਆ ਕਿ ਜੇ ਪੰਜਾਬ ਦੇ ਕਿਸੇ ਹਿੱਸੇ ਵਿੱਚ ਵਲੰਟੀਅਰਾਂ ਦੀ ਜਰੂਰਤ ਪਈ ਤਾਂ ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਦੀ ਟੀਮ ਹਰ ਸਮੇਂ ਮੌਕੇ ’ਤੇ ਖੜ੍ਹੀ ਮਿਲੇਗੀ। ਭਾਰਦਵਾਜ ਨੇ ਕਿਹਾ ਕਿ “ਸਾਡੇ ਕੋਲ ਜੋ ਕੁਝ ਵੀ ਹੈ ਉਹ ਪੰਜਾਬ ਦੀ ਬਦੌਲਤ ਹੈ, ਇਸ ਲਈ ਪੰਜਾਬ ਦੀ ਘੜੀ-ਏ-ਮੁਸ਼ਕਿਲ ਵਿੱਚ ਸਾਡਾ ਫਰਜ਼ ਹੈ ਕਿ ਅਸੀਂ ਹੜ੍ਹ ਪੀੜਤਾਂ ਦੇ ਨਾਲ ਖੜ੍ਹੀ ਰਹੀਏ।
ਇਸ ਮੌਕੇ ਪੰਜਾਬ ਪ੍ਰਧਾਨ ਜਗਦੀਪ ਭਾਰਦਵਾਜ ਦੇ ਨਾਲ ਨੈਸ਼ਨਲ ਜਨਰਲ ਸੈਕਟਰੀ ਰਾਜਨ ਬੈਕਟਰ ਅਤੇ ਪੰਜਾਬ ਕੈਸ਼ੀਅਰ ਸੁਰਜੀਤ ਸਿੰਘ ਚਾਂਦੀ ਵੀ ਹਾਜ਼ਰ ਸਨ।