ਸੁਨਾਮ : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਸੁਨਾਮ ਇਕਾਈ ਦੇ ਪ੍ਰਧਾਨ ਪਵਨ ਗੁੱਜਰਾਂ ਦੀ ਅਗਵਾਈ ਹੇਠ ਵੱਖ-ਵੱਖ ਟਰੇਡਾਂ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ ਦੌਰਾਨ ਵਪਾਰੀ ਵਰਗ ਨੇ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਵੱਲੋਂ ਜੀ.ਐਸ.ਟੀ. ਦੀਆਂ ਦਰਾਂ ਵਿੱਚ ਕਟੌਤੀ ਕਰਨ ਦੇ ਫ਼ੈਸਲੇ ਨੂੰ ਸ਼ਲਾਘਾਯੋਗ ਕਰਾਰ ਦਿੱਤਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ। ਸ਼ੁੱਕਰਵਾਰ ਨੂੰ ਸੁਨਾਮ ਵਿਖੇ ਵਪਾਰ ਮੰਡਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਪਵਨ ਗੁੱਜਰਾਂ ਨੇ ਆਖਿਆ ਕਿ ਪਹਿਲਾਂ ਕਈ ਵਸਤੂਆਂ ’ਤੇ 28 ਫ਼ੀਸਦੀ ਜੀ.ਐਸ.ਟੀ. ਲਾਗੂ ਹੁੰਦਾ ਸੀ ਜਿਸਨੂੰ ਹੁਣ 10 ਫ਼ੀਸਦੀ ਘਟਾਉਣ ਨਾਲ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਨਾਲ ਇਕੱਲੇ ਖਪਤਕਾਰਾਂ ਨੂੰ ਨਹੀਂ ਬਲਕਿ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਵੀ ਬੇਹੱਦ ਸੁੱਖ ਮਿਲਿਆ ਹੈ ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੇ ਫ਼ੈਸਲੇ ਨਾਲ ਕਾਗਜ਼ੀ ਕਾਰਵਾਈ ਵੀ ਘੱਟ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਦਰਾਂ ਘਟਣ ਨਾਲ ਮਾਰਕੀਟ ਵਿੱਚ ਖਰੀਦਦਾਰੀ ਦੀ ਗਤੀ ਵਿੱਚ ਤੇਜ਼ੀ ਆਵੇਗੀ ਅਤੇ 5 ਫ਼ੀਸਦੀ ਵਾਲੇ ਸਲੈਬ ਵਿੱਚ ਰੋਜ਼ਮਰਾ ਦੇ ਵਰਤੋਂ ਵਾਲੀਆਂ ਕਈ ਵਸਤਾਂ ਆਉਂਦੀਆਂ ਹਨ ਜੋ ਹੁਣ ਹੋਰ ਵੀ ਸਸਤੀਆਂ ਹੋ ਜਾਣਗੀਆਂ। ਉਹਨਾਂ ਕਿਹਾ ਕਿ ਸਰਕਾਰ ਵੱਲੋਂ 33 ਜੀਵਨ ਰੱਖਿਅਕ ਦਵਾਈਆਂ ‘ਤੇ ਵੀ ਜੀ.ਐਸ.ਟੀ. 12 ਪ੍ਰਤੀਸ਼ਤ ਤੋਂ ਘਟਾਕੇ ਜ਼ੀਰੋ ਕਰ ਦਿੱਤਾ ਗਿਆ ਹੈ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਇਹ ਨਹੀਂ ਸਿਹਤ ਸੇਵਾਵਾਂ ਅਤੇ ਜੀਵਨ ਬੀਮਾ ’ਤੇ ਜੀ.ਐਸ.ਟੀ. ਪੂਰੀ ਤਰ੍ਹਾਂ ਖ਼ਤਮ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੋਮ ਨਾਥ ਵਰਮਾ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਹਮੇਸ਼ਾ ਤੋਂ ਇਹ ਮੰਗ ਰਹੀ ਹੈ ਕਿ ਜੀ.ਐਸ.ਟੀ. ਦੀਆਂ ਦਰਾਂ ਘਟਾਈਆਂ ਜਾਣ ਅਤੇ ਕਾਗਜ਼ੀ ਕਾਰਵਾਈ ਨੂੰ ਆਸਾਨ ਕੀਤਾ ਜਾਵੇ। ਇਸ ਮੌਕੇ ਚੰਦਰ ਪ੍ਰਕਾਸ਼ ਸਕੱਤਰ, ਪ੍ਰਵੀਨ ਕੁਮਾਰ, ਰਾਕੇਸ਼ ਕੁਮਾਰ ਕਾਕਾ ਜਖੇਪਲੀਆ, ਮਿੰਦੀ ਬਿਜਲੀ ਵਾਲਾ, ਸੰਨੀ ਸਿੰਗਲਾ, ਨਾਜਰ ਸਿੰਘ ਮਾਨ, ਰਿੰਕੂ ਨਾਗਰਾ, ਸੋਨੂੰ, ਸੁਨੀਲ ਕੁਮਾਰ ਆਦਿ ਵੀ ਹਾਜ਼ਰ ਸਨ।