ਪਟਿਆਲਾ : ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ ਨੇ ਸਥਾਨਕ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਅੱਸੂ ਦੇ ਨਵਰਾਤਰਿਆਂ ਅਤੇ ਦੁਰਗਾ ਅਸ਼ਟਮੀ ਮਨਾਉਣ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੀ ਆਮਦ ਨੂੰ ਲੈ ਕੇ ਤਿਆਰੀਆਂ ਬਾਰੇ ਪ੍ਰਬੰਧਾ ਦਾ ਜਾਇਜ਼ਾ ਲੈਣ ਲਈ ਇਕ ਮੀਟਿੰਗ ਕੀਤੀ ।
ਸਿਮਰਪ੍ਰੀਤ ਕੌਰ ਨੇ ਮੰਦਿਰ ਦੀ ਐਡਵਾਈਜ਼ਰੀ ਮੈਨੇਜਿੰਗ ਕਮੇਟੀ, ਧਰਮ ਅਰਥ ਸ਼ਾਖਾ ਦੇ ਅਧਿਕਾਰੀਆਂ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਸਮਾਜ ਸੇਵੀ ਸੰਸਥਾਵਾਂ ਨਾਲ ਸ਼ਰਧਾਲੂਆਂ ਦੀ ਆਮਦ ਨੂੰ ਲੈ ਕੇ ਸੁਰੱਖਿਆ ਸਮੇਤ ਹੋਰ ਵਿਆਪਕ ਪ੍ਰਬੰਧਾ ‘ ਤੇ ਚਰਚਾ ਕੀਤੀ ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਵਿੱਤਰ, ਪੁਰਾਤਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਜੀ ਤੇ ਰਾਜ ਰਾਜੇਸ਼ਵਰੀ ਜੀ ਮੰਦਿਰ ਦੀ ਪਟਿਆਲਾ ਤੇ ਪੰਜਾਬ ਸਮੇਤ ਦੇਸ਼ ਵਿਦੇਸ਼ਾਂ ਤੱਕ ਮਾਨਤਾ ਹੈ, ਇਸ ਲਈ ਆਮ ਦਿਨਾਂ ਤੋਂ ਇਲਾਵਾ ਆਗਾਮੀ ਅੱਸੂ ਦੇ ਨਵਰਾਤਰਿਆਂ ਦੇ ਦਿਨਾਂ ਦੌਰਾਨ ਦੂਰ ਦੂਰ ਤੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ ।
ਏ.ਡੀ.ਸੀ. ਨੇ ਨਗਰ ਨਿਗਮ ਨੂੰ ਮੰਦਿਰ ਦੇ ਆਲੇ ਦੁਆਲੇ ਦੀ ਸਫ਼ਾਈ, ਫਾਇਰ ਟੈਂਡਰ, ਸਟਰੀਟ ਲਾਈਟਾਂ ਆਦਿ ਦੇ ਉਚੇਚੇ ਪ੍ਰਬੰਧ ਕਰਨ ਸਮੇਤ ਮੰਦਿਰ ਪ੍ਰਬੰਧਕਾਂ ਨੂੰ ਕਿਹਾ ਕਿ ਪਵਿੱਤਰ ਮੰਦਿਰ ਅਤੇ ਇਸਦੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਨਵਰਾਤਰਿਆਂ ਮੌਕੇ ਆਉਣ ਵਾਲੇ ਦਿਵਿਆਂਗ ਸ਼ਰਧਾਲੂਆਂ ਦੀ ਸਹੂਲਤ ਲਈ ਵਹੀਲ ਚੇਅਰ ਦਾ ਪ੍ਰਬੰਧ ਕਰਨ ਸਮੇਤ ਸ਼ਰਧਾਲੂਆਂ ਲਈ ਲਗਾਏ ਜਾਂਦੇ ਲੰਗਰ ‘ ਚ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਸ਼ਰਧਾਲੂਆਂ ਦੀ ਸੁਖਾਵੀਂ ਆਵਾਜਾਈ ਲਈ ਪੁਖ਼ਤਾ ਪ੍ਰਬੰਧਾ ਬਾਰੇ ਵੀ ਕਿਹਾ ਗਿਆ ।
ਸਿਮਰਪ੍ਰੀਤ ਕੌਰ ਨੇ ਕਿਹਾ ਕਿ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿੱਚ ਆਮਦ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਵਾਹਨਾਂ ਦੀ ਪਾਰਕਿੰਗ ਸਮੇਤ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫ਼ਿਕ ਪਲਾਨ ਵੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਬਿਜਲੀ ਨਿਗਮ, ਸਿਹਤ ਵਿਭਾਗ, ਖੁਰਾਕ ਤੇ ਸਿਵਲ ਸਪਲਾਈਜ਼ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।