ਰਾਮਪੁਰਾ ਫੂਲ : ਪੰਜਾਬ ਅਨਏਡਿਡ ਡਿਗਰੀ ਕਾਲਜ ਐਸੋਸੀਏਸ਼ਨ (ਪੁਡਕਾ), ਜੁਆਇੰਟ ਐਸੋਸੀਏਸ਼ਨ ਆਫ ਕਾਲਜ (ਜੈਕ) ਅਤੇ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤੀ ਗਈ ਸਾਂਝੀ ਮੁਹਿੰਮ ਦੇ ਪਹਿਲੇ ਦੌਰੇ ਮਗਰੋਂ, ਪੁਡਕਾ ਦੇ ਪ੍ਰਧਾਨ ਅਤੇ ਜੈਕ ਦੇ ਜਰਨਲ ਸਕੱਤਰ, ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੇ ਚੇਅਰਮੈਨ ਐੱਸ. ਐੱਸ. ਚੱਠਾ ਨੇ ਕਿਹਾ ਕਿ ਹੜਾਂ ਕਾਰਨ ਭਾਵੇਂ ਆਰਥਿਕ ਤੇ ਕਈ ਕਿਸਮ ਦੇ ਭਾਰੀ ਨੁਕਸਾਨ ਹੋ ਰਹੇ ਹਨ,ਪਰੰਤੂ ਇਹਨਾਂ ਇਲਾਕਿਆਂ ਦਾ ਦੌਰਾ ਕਰਨ ਉਪਰੰਤ ਉਹਨਾਂ ਮਹਿਸੂਸ ਕੀਤਾ ਹੈ ਕਿ ਹੜ੍ਹਾਂ ਨਾਲ ਪੀੜਤ ਪਿੰਡਾਂ ਦੇ ਲੋਕ ਜਿੰਦਾਦਿਲੀ ਅਤੇ ਚੜ੍ਹਦੀ ਕਲਾ ਦੇ ਅਸਲ ਪ੍ਰਤੀਕ ਹਨ।ਉਨ੍ਹਾਂ ਦੱਸਿਆ ਕਿ ਰਾਜ ਸਭਾ ਮੈਂਬਰ ਸ. ਸਤਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਪੰਜਾਬ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਪ੍ਰਤਿਨਿਧੀ ਲੋੜੀਂਦੀ ਸਮੱਗਰੀ ਲੈ ਕੇ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਸਾਂਗਰਾ ਅਤੇ ਬਾਊਪੁਰ ਵਿੱਚ ਪਹੁੰਚੇ। ਇਲਾਕੇ ਵਿੱਚ ਕਈ ਕਿਲੋਮੀਟਰ ਤੱਕ ਸਮੁੰਦਰ ਵਰਗਾ ਪਾਣੀ ਹੀ ਪਾਣੀ ਫੈਲਿਆ ਹੋਇਆ ਸੀ। ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਕਿਸ਼ਤੀ ਰਾਹੀਂ ਟੀਮ ਹੜ੍ਹ ਨਾਲ ਘਿਰੇ ਘਰਾਂ ਤੱਕ ਪਹੁੰਚੀ ਅਤੇ ਉੱਥੇ ਵੱਸਦੇ ਲੋਕਾਂ ਦੇ ਹੌਸਲੇ ਅਤੇ ਹਿੰਮਤ ਨੂੰ ਦੇਖ ਕੇ ਪ੍ਰੇਰਿਤ ਹੋਈ।
ਉਹਨਾਂ ਅਨੁਸਾਰ ਸਥਾਨਕ ਵਾਸੀਆਂ ਨੇ ਦੱਸਿਆ ਕਿ ਅਸੀਂ ਹੜ੍ਹਾਂ ਦੇ ਦੁੱਖਾਂ ਦੇ ਆਦੀ ਹੋ ਚੁੱਕੇ ਹਾਂ, ਪਰ ਸਰਕਾਰਾਂ ਵੱਲੋਂ ਇਸ ਸਮੱਸਿਆ ਦਾ ਸਥਾਈ ਹੱਲ ਨਾ ਕੱਢਿਆ ਜਾਣਾ ਬਹੁਤ ਦੁਖਦਾਈ ਹੈ। ਜਦੋਂ ਉਨ੍ਹਾਂ ਤੋਂ ਲੋੜਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਸਾਨੂੰ ਕੁਝ ਨਹੀਂ ਚਾਹੀਦਾ, ਪਰ ਜਦੋਂ ਹੜ੍ਹ ਦਾ ਪਾਣੀ ਹਟੇਗਾ, ਤਦੋਂ ਖੇਤੀਬਾੜੀ ਅਤੇ ਰੋਜ਼ਾਨਾ ਜੀਵਨ ਮੁੜ ਸੈੱਟ ਕਰਨ ਲਈ ਸਾਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਖ਼ਾਸ ਕਰਕੇ ਪਸ਼ੂਆਂ ਦੇ ਦੁੱਧ ਦੀ ਵਿਕਰੀ ਜਾਂ ਲੰਗਰਾਂ ਵਿੱਚ ਵਰਤੋਂ ਲਈ ਕੋਈ ਵਿਵਸਥਾ ਬਣਾਈ ਜਾਵੇ।
ਪਿੰਡ ਸਾਂਗਰਾ ਦੀ ਸਾਂਝੀ ਕਮੇਟੀ ਦੇ ਆਗੂ ਕੁਲਦੀਪ ਸਿੰਘ ਸਾਂਗਰਾ ਨੇ ਕਿਹਾ ਕਿ ਕੁਝ ਲੋਕ ਭਰਮ ਪੈਦਾ ਕਰ ਰਹੇ ਹਨ ਕਿ ਅਸੀਂ ਦਰਿਆ ਦੇ ਖੇਤਰ ਵਿੱਚ ਕਬਜ਼ਾ ਕੀਤਾ ਹੋਇਆ ਹੈ, ਜਦਕਿ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਸਾਡੀ ਮੰਗ ਹੈ ਕਿ ਸਾਡੇ ਖੇਤਾਂ ਉੱਤੇ ਦਰਿਆਵਾਂ ਦਾ ਕਬਜ਼ਾ ਛੁਡਵਾਇਆ ਜਾਵੇ। ਰਾਜ ਸਭਾ ਮੈਂਬਰ ਸ. ਸਤਨਾਮ ਸਿੰਘ ਸੰਧੂ ਨੇ ਯਕੀਨ ਦਵਾਇਆ ਕਿ ਉਹ ਪੀੜਤ ਲੋਕਾਂ ਦੀਆਂ ਗੱਲਾਂ ਨੂੰ ਸਰਕਾਰ ਤੱਕ ਪਹੁੰਚਾਉਣਗੇ।ਇਸ ਮੌਕੇ ਜੈਕ ਅਤੇ ਫੈਪ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ, ਸਰਪ੍ਰਸਤ ਸ. ਮਨਜੀਤ ਸਿੰਘ, ਫੈਪ ਦੇ ਪ੍ਰਤੀਨਿਧ ਭੂਪਿੰਦਰ ਸਿੰਘ, ਬਲਦੇਵ ਬਾਵਾ, ਅਨਿਲ ਮਿੱਤਲ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਸੁਖਦੇਵ ਸਿੰਘ ਜੱਜ, ਮੈਡਮ ਡੌਲੀ ਸਿੰਘ ਅਤੇ ਨਿਰਮਲ ਸਿੰਘ ਸਮੇਤ ਪੂਰੀ ਮੈਨੇਜਮੈਂਟ ਵੀ ਮੌਜੂਦ ਸੀ।