ਕਿਹਾ ਡੈਮਾਂ ਚੋਂ ਸਮਾਂ ਰਹਿੰਦਿਆਂ ਨਹੀਂ ਘਟਾਇਆ ਪਾਣੀ
ਭਲਕੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ
ਸੁਨਾਮ : ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੂਬੇ ਅੰਦਰ ਆਏ ਹੜਾਂ ਲਈ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਥੇਬੰਦੀ ਦਾ ਤਰਕ ਹੈ ਕਿ ਸਰਕਾਰ ਵੱਲੋਂ ਸਮਾਂ ਰਹਿੰਦਿਆਂ ਡੈਮਾਂ ਵਿੱਚੋਂ ਪਾਣੀ ਨਹੀਂ ਘਟਾਇਆ, ਬਰਸਾਤਾਂ ਜ਼ਿਆਦਾ ਹੋਣ ਕਰਕੇ ਡੈਮਾਂ ਵਿੱਚੋਂ ਉਸ ਸਮੇਂ ਪਾਣੀ ਦਰਿਆਵਾਂ ਵਿੱਚ ਛੱਡਿਆ ਗਿਆ ਜਦੋਂ ਪੰਜਾਬ ਵਿੱਚ ਭਾਰੀ ਮੀਂਹ ਪੈਣੇ ਸ਼ੁਰੂ ਹੋ ਗਏ। ਬੁੱਧਵਾਰ ਨੂੰ ਸੁਨਾਮ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸੰਗਰੂਰ ਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਸੂਬੇ ਅੰਦਰ ਸਰਕਾਰ ਦੀ ਨਾਅਹਿਲੀਅਤ ਕਾਰਨ ਆਏ ਹੜਾਂ ਕਾਰਨ ਕਿਸਾਨਾਂ ਮਜ਼ਦੂਰਾਂ ਸਮੇਤ ਹੋਰਨਾਂ ਵਰਗਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਬਾਵਜੂਦ ਇਸਦੇ ਹੁਣ ਸਰਕਾਰ ਦੇ ਨੁਮਾਇੰਦੇ ਹੜ ਪ੍ਰਭਾਵਿਤ ਖੇਤਰਾਂ ਵਿੱਚ ਜਾਕੇ ਡਰਾਮੇਬਾਜ਼ੀ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਨੇ ਜੂਨ ਜੁਲਾਈ ਵਿੱਚ ਇਹ ਡੈਮਾਂ ਨੂੰ ਖਾਲੀ ਨਹੀਂ ਕੀਤਾ ਅਤੇ ਲੋੜ ਤੋਂ ਵੱਧ ਪਾਣੀ ਡੈਮਾਂ ਵਿੱਚ ਜਮਾਂ ਰੱਖਿਆ ਗਿਆ ਜਿਸ ਕਰਕੇ ਇਹਨਾਂ ਨੇ ਹੜਾਂ ਦਾ ਵੱਡਾ ਨੁਕਸਾਨ ਪੰਜਾਬ ਵਿੱਚ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਮੇਂ ਸਿਰੇ ਡਰੇਨਾਂ ਦੀ ਸਫਾਈ ਕਰਵਾ ਦਿੰਦੀ ਤਾਂ ਵੱਡਾ ਨੁਕਸਾਨ ਹੋਣ ਤੋਂ ਬਚ ਸਕਦਾ ਸੀ। ਹੜਾਂ ਕਾਰਨ ਪੰਜਾਬ ਦੇ ਕਈ ਜਿਲੇ ਬਿਲਕੁਲ ਤਬਾਹ ਹੋ ਚੁੱਕੇ ਹਨ ਨਾ ਕਿਸਾਨਾਂ ਦੀਆਂ ਫਸਲਾਂ ਰਹੀਆਂ ਨਾ ਡੰਗਰ ਨਾ ਘਰ, ਲੋਕ ਕਈ ਦਿਨਾਂ ਤੋਂ ਘਰਾਂ ਵਿੱਚ ਭੁੱਖਣ ਭਾਣੇ ਹਨ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕਿ ਹੜਾਂ ਕਾਰਨ ਪੰਜਾਬ ਵਿੱਚ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ 5 ਸਤੰਬਰ ਨੂੰ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਥੇਬੰਦੀ ਵੱਲੋਂ ਮੰਗ ਪੱਤਰ ਦਿੱਤੇ ਜਾਣਗੇ। ਮੀਟਿੰਗ ਵਿੱਚ ਬਹਾਲ ਸਿੰਘ ਢੀਂਡਸਾ, ਦਰਸ਼ਨ ਸਿੰਘ ਚੰਗਾਲੀਵਾਲਾ, ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਸਿੰਘ ਮਾਣਕ, ਜਗਤਾਰ ਸਿੰਘ ਲੱਡੀ, ਜਸਵੀਰ ਸਿੰਘ ਗੱਗੜਪੁਰ, ਬਲਵਿੰਦਰ ਸਿੰਘ ਘਨੋੜ ਜੱਟਾਂ, ਮਿਸ਼ਰਾ ਸਿੰਘ ਨਿਹਾਲਗੜ, ਭਰਪੂਰ ਸਿੰਘ ਮੌੜਾਂ, ਅਮਨਦੀਪ ਮਹਿਲਾਂ, ਕਰਨੈਲ ਸਿੰਘ ਗਨੌਟਾ, ਗੁਰਪ੍ਰੀਤ ਸੰਗਤਪੁਰਾ, ਰੋਸ਼ਨ ਮੂਣਕ ਅਤੇ ਬੰਟੀ ਸਮੇਤ ਹੋਰ ਆਗੂ ਹਾਜ਼ਰ ਸਨ।