ਪੰਜਾਬ ਸਰਕਾਰ ਮੁਸ਼ਕਲ ਦੀ ਘੜੀ ’ਚ ਲੋਕਾਂ ਨਾਲ ਖੜੀ : ਵਿਧਾਇਕ
ਪਟਿਆਲਾ : ਬੀਤੇ ਕੁਝ ਦਿਨਾਂ ਤੋਂ ਸੂਬੇ ਅੰਦਰ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਨਾਲ ਮਾਝਾ ਖੇਤਰ `ਚ ਹੋਏ ਭਾਰੀ ਨੁਕਸਾਨ ਦੇ ਚਲਦਿਆਂ ਨਾਭਾ ਹਲਕੇ ਦੇ ਨਗਰ ਭਾਦਸੋਂ ਤੋਂ ਹੜ੍ਹ ਪੀੜਤ ਬੇਜ਼ਬਾਨ ਪਸ਼ੂਆਂ ਵਾਸਤੇ ਚਾਰੇ ਦੀਆਂ ਗੱਠਾਂ ਦਾ ਟਰੱਕ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਰਵਾਨਾ ਕੀਤਾ ਗਿਆ।
ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਇਹ ਮਦਦ ਭਾਦਸੋਂ ਦੇ ਪੰਚਾਇਤ ਦੇ ਕੌਂਸਲਰਾਂ, ਦੁਕਾਨਦਾਰ ਵਰਗ, ਨਗਰ, ਟਰੱਕ ਯੂਨੀਅਨ ਅਤੇ ਪਤਵੰਤਿਆਂ ਵੱਲੋਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਾਂਝੇ ਤੌਰ ਤੇ ਭੇਜੀ ਜਾ ਰਹੀ ਹੈ। ਇਸ ਤੋਂ ਇਲਾਵਾ ਪਟਿਆਲਾ ਦੇ ਦਾਨੀ ਸੱਜਣ ਵੱਲੋਂ ਸੇਬਾਂ ਦੀਆਂ ਪੇਟੀਆਂ ਦੀ ਸੇਵਾ ਕੀਤੀ ਗਈ ਹੈ ਜੋ ਇਸ ਟਰੱਕ ਨਾਲ ਰਾਜਾਸਾਂਸੀ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਲਈ ਰਵਾਨਾ ਕੀਤੀ ਗਈਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਮੁਸ਼ਕਲ ਦੀ ਘੜੀ ਵਿੱਚ ਲੋਕਾਂ ਦੇ ਨਾਲ ਖੜੀ ਹੈ ਤੇ ਸਰਕਾਰ ਦੀ ਸਮੁੱਚੀ ਮਸ਼ੀਨਰੀ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਭਾਦਸੋਂ ਤੋਂ ਰਾਹਤ ਸਮਗਰੀ ਦਾ ਇੱਕ ਟਰੱਕ ਅਗਲੇ ਦੋ ਦਿਨਾਂ ਅੰਦਰ ਹੋਰ ਰਵਾਨਾ ਹੋਵੇਗਾ ਜਿਸਤੋਂ ਇਲਾਵਾ ਨਾਭਾ ਤੋਂ ਚਾਰ ਦੇ ਕਰੀਬ ਟਰੱਕ ਰਾਹਤ ਸਮਗਰੀ ਲੈ ਕੇ ਜਲਦ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਸਮੇਂ ਸਾਨੂੰ ਮਿੱਲ ਜੁੱਲ ਕੇ ਮਦਦ ਲਈ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਪੰਜਾਬੀਆਂ ਨੇ ਇਕ ਦੂਸਰੇ ਦੀ ਮਦਦ ਕਰਕੇ ਇਸ ਮੁਸ਼ਕਲ ਘੜੀ ਵਿੱਚ ਇੱਕਜੁੱਟਤਾ ਦਾ ਸੁਨੇਹਾ ਦਿੱਤਾ ਹੈ।
ਇਸ ਦੌਰਾਨ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਸੁਦਰਸ਼ਨ ਗੁਪਤਾ, ਗੁਰਦੀਪ ਸਿੰਘ ਦੀਪਾ ਰਾਮਗੜ੍ਹ ਚੇਅਰਮੈਨ, ਸੈਂਕੀ ਸਿੰਗਲਾ ਪ੍ਰਧਾਨ, ਬੱਬੀ ਰੰਘੇੜੀ ਜਰਨਲ ਸਕੱਤਰ ਵਪਾਰ ਮੰਡਲ ਨੇ ਵਪਾਰੀ ਵਰਗ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਹੋਰ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇੱਕਜੁੱਟ ਹੋ ਕੇ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਇਆ।
ਇਸ ਮੌਕੇ ਮਨਪ੍ਰੀਤ ਸਿੰਘ ਕਰਤਾਰ ਕੰਬਾਈਨ, ਸੰਜੀਵ ਸੂਦ, ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਯੂਥ ਵਿਕਾਸ ਬੋਰਡ, ਬੱਬੀ ਰੰਘੇੜੀ ਪ੍ਰਧਾਨ ਸਵਰਨਕਾਰ ਯੂਨੀਅਨ, ਚਰਨਜੀਤ ਸਿੰਘ ਰਿੰਪੀ, ਸਤਨਾਮ ਸਿੰਘ ਖ਼ਾਲਸਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਸੁਖਜਿੰਦਰ ਸਿੰਘ ਟੌਹੜਾ ਪ੍ਰਧਾਨ ਟਰੱਕ ਯੂਨੀਅਨ,ਕਮਲਪ੍ਰੀਤ ਸਿੰਘ ਭਾਦਸੋਂ, ਲਾਡੀ ਖੱਟੜਾ, ਰਜਿੰਦਰ ਖਨੌੜਾ, ਨਿਤਿਨ ਗੁਪਤਾ, ਦਲਜੀਤ ਸਿੰਘ ਟਿਵਾਣਾ ਰਾਇਮਲ ਮਾਜਰੀ, ਨਿਰਭੈ ਸਿੰਘ ਘੁੰਡਰ, ਭੁਪਿੰਦਰ ਸਿੰਘ ਕੱਲਰਮਾਜਰੀ, ਜਸਵੀਰ ਸਿੰਘ ਸ਼ਿੰਦਾ ਵੀ ਹਾਜ਼ਰ ਸਨ ।
ਫ਼ੋਟੋ ਕੈਪਸ਼ਨ: ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਰਾਹਤ ਸਮਗਰੀ ਦਾ ਟਰੱਕ ਰਵਾਨਾ ਕਰਦੇ ਹੋਏ।