ਧਰਮੇੜ੍ਹੀ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਮੁੜ ਤੋਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਹੜ੍ਹ ਬਾਬਤ ਕਿਸੇ ਵੀ ਅਫ਼ਵਾਹ ਉਪਰ ਯਕੀਨ ਨਾ ਕੀਤਾ ਜਾਵੇ ਤੇ ਬਿਨ੍ਹਾਂ ਵਜ੍ਹਾ ਕੋਈ ਨਾ ਅਫ਼ਵਾਹ ਫੈਲਾਈ ਜਾਵੇ ਅਤੇ ਨਾ ਹੀ ਬਿਨ੍ਹਾਂ ਪੁਸ਼ਟੀ ਕੀਤੇ ਫੋਟੋਆਂ ਤੇ ਛੋਟੇ ਵੀਡੀਓ ਕਲਿਪਸ ਸੋਸ਼ਲ ਮੀਡੀਆ ਉਪਰ ਵਾਇਰਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅਧੂਰੀ ਤੇ ਤੱਥਹੀਣ ਸੂਚਨਾ ਦਾ ਲੋਕਾਂ ਉਪਰ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਇਸ ਨਾਲ ਆਮ ਲੋਕਾਂ ਵਿੱਚ ਘਬਰਾਹਟ, ਡਰ ਤੇ ਸਹਿਮ ਦਾ ਮਾਹੌਲ ਪੈਦਾ ਹੁੰਦਾ ਹੈ। ਡਾ. ਪ੍ਰੀਤੀ ਯਾਦਵ ਨੇ ਅੱਗੇ ਕਿਹਾ ਕਿ ਕੋਈ ਵੀ ਵਿਅਕਤੀ ਬਿਨ੍ਹਾਂ ਵਜ੍ਹਾ ਅਫ਼ਵਾਹਾਂ ਨਾ ਫੈਲਾਏ ਸਗੋਂ ਵਾਜਬ ਸੂਚਨਾ ਤੁਰੰਤ ਪ੍ਰਸ਼ਾਸਨ ਨਾਲ ਸਾਂਝੀ ਕੀਤੀ ਜਾਵੇ, ਜਿਸ ਉਪਰ ਮੌਕੇ 'ਤੇ ਕਾਰਵਾਈ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ। ਡਿਪਟੀ ਕਮਿਸ਼ਨਰ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਧਰਮੇੜ੍ਹੀ ਵਿਖੇ ਘੱਗਰ, ਛੋਟੀ ਤੇ ਬੜੀ ਨਦੀ ਤੇ ਮੀਰਾਂਪੁਰ ਚੋਅ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੀਆਂ ਨਦੀਆਂ ਦੇ ਕੈਚਮੈਂਟ ਖੇਤਰ ਵਿੱਚ ਭਾਰੀ ਮੀਂਹ ਕਰਕੇ ਪਾਣੀ ਵਧਿਆ ਹੈ ਅਤੇ ਕਈ ਪਿੰਡਾਂ ਵਿੱਚ ਪਾਣੀ ਕਿਨਾਰਿਆਂ ਤੋਂ ਬਾਹਰ ਜਾਕੇ ਖੇਤਾਂ ਵਿੱਚ ਵੀ ਫੈਲਿਆ ਹੈ ਪਰੰਤੂ ਸਥਿਤੀ ਨਿਯੰਤਰਨ ਹੇਠ ਹੈ। ਉਨ੍ਹਾਂ ਦੱਸਿਆ ਕਿ ਮੌਸਮ ਦੀ ਚਿਤਾਵਨੀ ਦੇਖਦੇ ਹੋਏ ਤੇ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਨਾਲ ਤਾਲਮੇਲ ਕਰਕੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਦੇ ਹਰ ਤਰ੍ਹਾਂ ਦੇ ਇੰਤਜਾਮ ਮੁਕੰਮਲ ਕੀਤੇ ਹੋਏ ਹਨ, ਜਿਸ ਕਰਕੇ ਲੋਕ ਘਬਰਾਹਟ 'ਚ ਨਾ ਆਉਣ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਪੱਸ਼ਟ ਕੀਤਾ ਕਿ ਪਟਿਆਲਾ ਦੀ ਵੱਡੀ ਨਦੀ ਜਾਂ ਛੋਟੀ ਨਦੀ ਚ ਪਾਣੀ ਨਹੀਂ ਆਇਆ ਹੈ ਅਤੇ ਨਾ ਹੀ ਫਿਲਹਾਲ ਕੋਈ ਪਾਣੀ ਆਉਣ ਦੀ ਕਿਸੇ ਤਰ੍ਹਾਂ ਦੀ ਸੰਭਾਵਨਾ ਹੈ, ਇਸ ਲਈ ਸ਼ਹਿਰ ਨਿਵਾਸੀ ਤੇ ਖਾਸ ਕਰਕੇ ਅਰਬਨ ਅਸਟੇਟ ਦੇ ਨਿਵਾਸੀ ਬਿਲਕੁਲ ਵੀ ਘਬਰਾਹਟ ਵਿੱਚ ਨਾਹ ਆਉਣ। ਜੇਕਰ ਲੋੜ ਪਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ ਨੰਬਰ 0175-2350550 ਅਤੇ 2358550 ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਜੋ ਕਿ 24 ਘੰਟੇ ਕਾਰਜਸ਼ੀਲ ਹਨ।