ਲਹਿਰਾਗਾਗਾ : ਨੇੜਲੇ ਪਿੰਡ ਸੰਗਤਪੁਰਾ ਵਿਖੇ ਅੱਜ ਤੜਕਸਾਰ ਭਾਰੀ ਬਾਰਿਸ਼ ਦੇ ਚੱਲਦਿਆਂ ਇੱਕ ਦੁਖਦਾਈ ਹਾਦਸਾ ਵਾਪਰਿਆ।ਜਿਸ ਦੌਰਾਨ ਰਾਜ ਮਿਸਤਰੀ ਸੁਖਪਾਲ ਸਿੰਘ ਮੱਲ, ਪੁੱਤਰ ਸੌਣ ਸਿੰਘ ਦਾ ਮਕਾਨ ਢਹਿ-ਢੇਰੀ ਹੋ ਗਿਆ। ਇਸ ਹਾਦਸੇ ਵਿੱਚ ਸੁਖਪਾਲ ਸਿੰਘ ਦੀ ਸੱਸ ਦੀ ਮੌਤ ਹੋ ਗਈ। ਅਤੇ ਪਤਨੀ ਮਨਦੀਪ ਕੌਰ ਗੰਭੀਰ ਜ਼ਖਮੀ ਹੋ ਗਈ।ਮ੍ਰਿਤਕ ਦੀ ਪਛਾਣ ਕਰਮਜੀਤ ਕੌਰ (60) ਜਖੇਪਲ ਵਜੋਂ ਹੋਈ ਹੈ, ਜੋ ਆਪਣੀ ਪੁੱਤਰੀ ਨੂੰ ਮਿਲਣ ਲਈ ਸੰਗਤਪੁਰਾ ਆਈ ਹੋਈ ਸੀ। ਮਕਾਨ ਦੇ ਅਚਾਨਕ ਡਿੱਗਣ ਕਾਰਨ ਕਰਮਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਰਮਜੀਤ ਕੌਰ ਦੀ ਧੀ ਮਨਜੀਤ ਕੌਰ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖਮੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।ਇਸ ਘਟਨਾ ਨਾਲ ਪਿੰਡ ਸੰਗਤਪੁਰਾ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ। ਸਥਾਨਕ ਨੌਜਵਾਨ ਰਣਦੀਪ ਸਿੰਘ ਤੋਂ ਇਲਾਵਾ ਪਿੰਡ ਦੀ ਪੰਚਾਇਤ ਅਤੇ ਮੋਹਤਵਰ ਵਿਅਕਤੀਆਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੁਖਪਾਲ ਸਿੰਘ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਅਤੇ ਐਕਸਗ੍ਰੇਸ਼ੀਆ ਗ੍ਰਾਂਟ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹੇ ਹਾਦਸਿਆਂ ਤੋਂ ਬਚਣ ਲਈ ਸਰਕਾਰ ਨੂੰ ਪੁਰਾਣੇ ਅਤੇ ਕਮਜ਼ੋਰ ਘਰਾਂ ਦੀ ਮੁਰੰਮਤ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।ਸਥਾਨਕ ਪ੍ਰਸ਼ਾਸਨ ਨੂੰ ਪੀੜਤ ਪਰਿਵਾਰ ਲਈ ਸਹਾਇਤਾ ਦੇਣ ਅਪੀਲ ਕੀਤੀ ਜਾ ਰਹੀ ਹੈ।