ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਬਣਾਏ 77 ਰਾਹਤ ਕੈਂਪਾਂ ਵਿੱਚ 4729 ਲੋਕਾਂ ਨੂੰ ਦਿੱਤਾ ਬਸੇਰਾ
ਐਨਡੀਆਰਐੱਫ, ਐਸਡੀਆਰਐੱਫ, ਪੰਜਾਬ ਪੁਲਿਸ ਅਤੇ ਫੌਜ ਦੀ ਸਰਗਰਮ ਭੂਮਿਕਾ
ਵੱਧ ਪ੍ਰਭਾਵਿਤ 7 ਜ਼ਿਲ੍ਹਿਆਂ ਵਿੱਚ ਰਾਹਤ ਸਮੱਗਰੀ ਦੀ ਸੁਚਾਰੂ ਵੰਡ
ਚੰਡੀਗੜ੍ਹ : ਪੰਜਾਬ ਸਰਕਾਰ ਦੀ ਮੁਸ਼ਤੈਦੀ ਅਤੇ ਸਰਗਰਮ ਭੂਮਿਕਾ ਸਦਕਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਿਛਲੇ 24 ਘੰਟਿਆਂ ਦੌਰਾਨ ਕੁੱਲ 4711 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਹੈ। ਇਸ ਵਿੱਚ ਫਿਰੋਜ਼ਪੁਰ ਦੇ 812 ਬਾਸ਼ਿੰਦੇ, ਗੁਰਦਾਸਪੁਰ ਦੇ 2571, ਮੋਗਾ ਦੇ 4, ਤਰਨ ਤਾਰਨ ਦੇ 60, ਬਰਨਾਲਾ ਦੇ 25 ਅਤੇ ਫਾਜ਼ਿਲਕਾ ਦੇ 1239 ਵਾਸੀ ਸ਼ਾਮਿਲ ਹਨ।
ਵੱਖ ਵੱਖ ਜ਼ਿਲ੍ਹਿਆਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ 9 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਹੁਣ ਤੱਕ 11330 ਲੋਕਾਂ ਨੂੰ ਹੜ੍ਹ ਦੇ ਪਾਣੀ ਤੋਂ ਬਚਾਇਆ ਗਿਆ ਹੈ। ਇਨ੍ਹਾਂ ਵਿੱਚ ਫਿਰੋਜ਼ਪੁਰ ਦੇ 2819, ਹੁਸ਼ਿਆਰਪੁਰ ਦੇ 1052, ਕਪੂਰਥਲਾ ਦੇ 240, ਗੁਰਦਾਸਪੁਰ ਦੇ 4771, ਮੋਗਾ ਦੇ 24, ਪਠਾਨਕੋਟ ਦੇ 1100, ਤਰਨ ਤਾਰਨ ਦੇ 60, ਬਰਨਾਲਾ ਦੇ 25 ਅਤੇ ਫਾਜ਼ਿਲਕਾ ਦੇ 1239 ਬਾਸ਼ਿੰਦੇ ਸ਼ਾਮਿਲ ਹਨ।
ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਣਾਏ ਕੁੱਲ 87 ਰਾਹਤ ਕੈਂਪਾਂ ਵਿੱਚੋਂ ਇਸ ਵੇਲੇ 77 ਪੂਰੀ ਤਰ੍ਹਾਂ ਚੱਲ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਕੁੱਲ 4729 ਲੋਕਾਂ ਨੇ ਬਸੇਰਾ ਕੀਤਾ ਹੋਇਆ ਹਨ। ਪ੍ਰਸ਼ਾਸ਼ਨ ਇਨ੍ਹਾਂ ਸਾਰੇ ਲੋਕਾਂ ਦਾ ਹਰ ਤਰ੍ਹਾਂ ਦਾ ਖਿਆਲ ਰੱਖ ਰਿਹਾ ਹੈ। ਕਪੂਰਥਲਾ ਵਿੱਚ ਬਣਾਏ 4 ਰਾਹਤ ਕੈਂਪਾਂ ਵਿੱਚ 110 ਲੋਕ ਰਹਿ ਰਹੇ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਦੇ 8 ਰਾਹਤ ਕੈਂਪਾਂ ਵਿੱਚ 3450 ਲੋਕ ਅਤੇ ਹੁਸ਼ਿਆਰਪੁਰ ਦੇ 20 ਰਾਹਤ ਕੈਂਪਾਂ ਵਿੱਚ 478 ਲੋਕ ਰਹਿ ਰਹੇ ਹਨ। ਗੁਰਦਾਸਪੁਰ ਦੇ 22 ਰਾਹਤ ਕੈਂਪਾਂ ਵਿੱਚੋਂ 12 ਚੱਲ ਰਹੇ ਹਨ ਜਿੱਥੇ 255 ਲੋਕ ਰਹਿ ਰਹੇ ਹਨ। ਪਠਾਨਕੋਟ ਦੇ 14 ਰਾਹਤ ਕੈਂਪਾਂ ਵਿੱਚ 411 ਲੋਕ ਅਤੇ ਬਰਨਾਲਾ ਦੇ 1 ਰਾਹਤ ਕੈਂਪ ਵਿੱਚ 25 ਹੜ੍ਹ ਪ੍ਰਭਾਵਿਤ ਲੋਕ ਰਹਿ ਰਹੇ ਹਨ। ਫਾਜ਼ਿਲਕਾ ਵਿੱਚ ਵੀ 11, ਮੋਗਾ 'ਚ 5 ਅਤੇ ਅੰਮ੍ਰਿਤਸਰ ਵਿੱਚ 2 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ।
ਇੱਕ ਬੁਲਾਰੇ ਨੇ ਦੱਸਿਆ ਕਿ ਕਪੂਰਥਲਾ ਵਿੱਚ ਪ੍ਰਸ਼ਾਸ਼ਨ ਵੱਲੋਂ 15, 27, 28 ਅਤੇ 29 ਅਗਸਤ ਨੂੰ ਰਾਹਤ ਸਮੱਗਰੀ ਦੀ ਵੰਡ ਕੀਤੀ ਗਈ ਹੈ ਅਤੇ ਲੋੜ ਮੁਤਾਬਿਕ ਇਹ ਅੱਗੋਂ ਵੀ ਜਾਰੀ ਰਹੇਗੀ। ਇਸੇ ਤਰ੍ਹਾਂ ਫਿਰੋਜ਼ਪੁਰ, ਗੁਰਦਾਸਪੁਰ, ਮੋਗਾ, ਪਠਾਨਕੋਟ, ਫਾਜ਼ਿਲਕਾ ਅਤੇ ਬਰਨਾਲਾ ਵਿੱਚ ਵੀ ਹੜ੍ਹ ਪੀੜਤਾਂ ਨੂੰ ਲਗਾਤਾਰ ਰਾਹਤ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਐਨਡੀਆਰਐੱਫ, ਐਸਡੀਆਰਐੱਫ, ਪੰਜਾਬ ਪੁਲਿਸ ਅਤੇ ਫੌਜ ਵੱਲੋਂ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ। ਗੁਰਦਾਸਪੁਰ ਵਿੱਚ ਐਨਡੀਆਰਐੱਫ ਦੀਆਂ 7 ਟੀਮਾਂ, ਫਾਜ਼ਿਲਕਾ ਤੇ ਫਿਰੋਜ਼ਪੁਰ ਵਿੱਚ 1-1 ਟੀਮ ਅਤੇ ਪਠਾਨਕੋਟ ਵਿੱਚ 2 ਟੀਮਾਂ ਸਰਗਰਮ ਹਨ। ਇਸੇ ਤਰ੍ਹਾਂ ਕਪੂਰਥਲਾ ਵਿੱਚ ਐਸਡੀਆਰਐੱਫ ਦੀਆਂ 2 ਟੀਮਾਂ ਸਰਗਰਮ ਹਨ। ਕਪੂਰਥਲਾ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਪਠਾਨਕੋਟ ਵਿੱਚ ਆਰਮੀ, ਬੀਐਸਐੱਫ ਅਤੇ ਏਅਰਫੋਰਸ ਨੇ ਵੀ ਮੋਰਚਾ ਸਾਂਭਿਆ ਹੋਇਆ ਹੈ। ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਵਿਲ ਪ੍ਰਸ਼ਾਸ਼ਨ ਦੇ ਨਾਲ ਨਾਲ ਪੁਲਿਸ ਲੋਕਾਂ ਦੀ ਪੱਬਾਂ ਭਾਰ ਮਦਦ ਕਰ ਰਹੀ ਹੈ।
ਹੜ੍ਹਾਂ ਕਾਰਨ ਪੰਜਾਬ ਵਿੱਚ ਹੁਣ ਤੱਕ ਕੁੱਲ 1018 ਪਿੰਡ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚ ਪਠਾਨਕੋਟ ਦੇ 81, ਫਾਜ਼ਿਲਕਾ ਦੇ 52, ਤਰਨ ਤਾਰਨ ਦੇ 45, ਸ੍ਰੀ ਮੁਕਤਸਰ ਸਾਹਿਬ ਦੇ 64, ਸੰਗਰੂਰ ਦੇ 22, ਫਿਰੋਜ਼ਪੁਰ ਦੇ 101, ਕਪੂਰਥਲਾ ਦੇ 107, ਗੁਰਦਾਸਪੁਰ ਦੇ 323, ਹੁਸ਼ਿਆਰਪੁਰ ਦੇ 85 ਅਤੇ ਮੋਗਾ ਦੇ 35 ਪਿੰਡ ਸ਼ਾਮਿਲ ਹਨ।
ਹੜ੍ਹਾਂ ਕਾਰਨ ਪੰਜਾਬ ਨੂੰ ਭਾਰੀ ਮਾਲੀ ਨੁਕਸਾਨ ਵੀ ਝੱਲਣਾ ਪਿਆ ਹੈ। ਫਸਲਾਂ ਨੂੰ ਮਾਰ ਪਈ ਹੈ ਅਤੇ ਪਸ਼ੂ ਧਨ ਦਾ ਵੀ ਨੁਕਸਾਨ ਹੋਇਆ ਹੈ। ਜ਼ਿਲ੍ਹਾ ਹੈਡਕੁਆਟਰਾਂ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਿਕ ਫਾਜ਼ਿਲਕਾ ਜ਼ਿਲ੍ਹੇ ਵਿੱਚ 16632 ਹੈਕਟੇਅਰ (41099 ਏਕੜ) ਭੂਮੀ ਹੜ੍ਹਾਂ ਦੀ ਮਾਰ ਹੇਠ ਆਈ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿੱਚ 10806 ਹੈਕਟੇਅਰ ਵਿੱਚ ਫਸਲ ਨੂੰ ਨੁਕਸਾਨ ਪੁੱਜਾ ਹੈ। ਕਪੂਰਥਲਾ ਵਿੱਚ 11620, ਪਠਾਨਕੋਟ ਵਿੱਚ 7000, ਤਰਨ ਤਾਰਨ ਵਿੱਚ 9928 ਅਤੇ ਹੁਸ਼ਿਆਰਪੁਰ ਵਿੱਚ 5287 ਹੈਕਟੇਅਰ ਵਿੱਚ ਫਸਲ ਨੂੰ ਨੁਕਸਾਨ ਹੋਇਆ ਹੈ।