ਮੋਗਾ : ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਨੂੰ 31 ਅਗਸਤ ਤੱਕ ਪਿਛਲੇ ਸਾਲਾਂ ਦੇ ਪ੍ਰਾਪਰਟੀ ਟੈਕਸ ਬਕਾਇਆ ਵਿਆਜ ਅਤੇ ਜੁਰਮਾਨੇ ਤੇ ਛੋਟ ਦੇ ਦਿੱਤੀ ਗਈ ਹੈ। ਇਸ ਸਕੀਮ ਤਹਿਤ ਪਬਲਿਕ ਵੱਲੋਂ ਆਪਣਾ ਪਿਛਲੇ ਸਾਲਾਂ ਦਾ ਬਕਾਇਆ ਬਿਨਾਂ ਜੁਰਮਾਨੇ ਤੋਂ ਜਮਾ ਕਰਵਾਇਆ ਜਾ ਸਕਦਾ ਹੈ। ਇਸ ਸਬੰਧੀ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਮੈਡਮ ਚਾਰੁ ਮਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਦਾ ਸਮੁੱਚਾ ਸਟਾਫ ਪ੍ਰਾਪਰਟੀ ਟੈਕਸ ਜਮਾਂ ਕਰਨ ਲਈ ਸ਼ਨੀਵਾਰ ਅਤੇ ਐਤਵਾਰ ਵੀ ਦਫਤਰ ਵਿਖੇ ਹਾਜ਼ਰ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਸ਼ਹਿਰ ਦੇ ਹਰੇਕ ਵਸਨੀਕ ਨੂੰ ਆਪਣਾ ਪ੍ਰਾਪਰਟੀ ਟੈਕਸ ਜਮਾ ਕਰਵਾ ਕੇ ਜਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਮੁਸਤ ਕਿਸਤ ਸਕੀਮ ਅਧੀਨ ਬਿਨਾਂ ਕਿਸੇ ਜੁਰਮਾਨੇ ਵਿਆਜ ਤੋਂ ਕੇਵਲ ਮੂਲ ਰਕਮ 31 ਅਗਸਤ ਤੱਕ ਭਰਨ ਦੀ ਛੋਟ ਦਿੱਤੀ ਗਈ। ਉਹਨਾਂ ਕਿਹਾ ਕਿ ਜੇਕਰ ਟੈਕਸ ਕਰਤਾਵਾਂ ਵੱਲੋਂ 31 ਅਗਸਤ ਤੱਕ ਟੈਕਸ ਨਹੀਂ ਜਮਾਂ ਕਰਵਾਇਆ ਜਾਂਦਾ ਤਾਂ ਪੰਜਾਬ ਨਗਰ ਨਿਗਮ ਐਕਟ 1911 ਤਹਿਤ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਸਕੀਮ ਦੀ ਮਿਆਦ ਲੰਘਣ ਤੋਂ ਬਾਅਦ 18 ਫੀਸਦੀ ਜੁਰਮਾਨਾ ਹੋਵੇਗਾ ਅਤੇ 20 ਫੀਸਦੀ ਵਿਆਜ ਸਮੇਤ ਵੱਧ ਟੈਕਸ ਭਰਨਾ ਪਵੇਗਾ। ਇਸ ਕਰਕੇ ਲੋਕ ਸਰਕਾਰ ਵੱਲੋਂ ਮਿਲ ਰਹੇ ਇਸ ਸੁਨਹਿਰੀ ਮੌਕੇ ਦਾ ਫਾਇਦਾ ਲੈਣ।