ਲਹਿਰਾਗਾਗਾ : ਲਹਿਰਾ ਲਿੰਕ ਡਰੇਨ ਜੋ ਪਿੰਡ ਚੋਟੀਆਂ ਕੋਲੋਂ ਦੀ ਲੰਘਦੀ ਹੈ, ਇਸਦੀ ਸਫਾਈ ਨਾਂ ਹੋਣ ਕਾਰਨ ਪਿੰਡ ਚੋਟੀਆਂ, ਅਲੀਸ਼ੇਰ ਅਤੇ ਬਖਸ਼ੀਬਾਲਾ ਦੇ 700- 800 ਕਿੱਲਿਆਂ ਵਿੱਚ ਪਾਣੀ ਭਰਨ ਤੋਂ ਇਲਾਵਾ ਪਿੰਡ ਚੋਟੀਆਂ ਦੇ ਘਰਾਂ ਵਿੱਚ ਵੀ ਗੋਡੇ ਗੋਡੇ ਪਾਣੀ ਖੜ੍ਹਾ ਗਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਚੋਟੀਆਂ ਦੇ ਨਿਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨਾਂ ਕਿਹਾ ਕਿ ਇਸ ਡਰੇਨ ਦਾ ਟੈਂਡਰ 31 ਲੱਖ ਰੁਪਏ ਦਾ ਹੋਇਆ ਹੈ ਪ੍ਰੰਤੂ ਇਸ ਉੱਤੇ ਲਾਇਆ 31 ਹਜ਼ਾਰ ਵੀ ਨਹੀਂ ਹੈ। ਇਹਨਾਂ ਡਰੇਨਾਂ ਦੀ ਸਫਾਈ ਕਰਨ ਦਾ ਐਲਾਨ 21 ਮਈ ਤੱਕ ਕੀਤਾ ਸੀ ਪ੍ਰੰਤੂ 23 ਅਗਸਤ ਵੀ ਲੰਘ ਗਿਆ , ਫਿਰ ਵੀ ਕੋਈ ਸਫਾਈ ਨਹੀਂ ਹੋਈ ਹੁਣ ਵੀ ਖਬਰਾਂ ਲੱਗਣ ਉਪਰੰਤ ਮਸ਼ੀਨਾਂ ਸਿਰਫ ਵਿਖਾਵੇ ਲਈ ਹੀ ਭੇਜੀਆਂ ਹਨ। ਕਿਸਾਨਾਂ ਦੇ 700-800 ਕਿੱਲੇ ਦੀ ਜੇਕਰ ਫਸਲ ਲਾਈਏ ਤਾਂ ਕਰੋੜਾਂ ਰੁਪਏ ਬਣਦੀ ਹੈ। ਹੁਣ ਉੱਚ ਅਧਿਕਾਰੀਆਂ ਨੇ 31 ਲੱਖ ਹੜੱਪਣ ਦੇ ਲਈ ਕਿਸਾਨਾਂ ਦਾ ਪੰਜ ਕਰੋੜ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ। ਜੇਕਰ ਸਮਾਂ ਰਹਿੰਦੇ ਸਫਾਈ ਹੋ ਜਾਂਦੀ ਤਾਂ ਕਿਸਾਨਾਂ ਦੀ ਮਿਹਨਤ ਤੇ ਪਾਣੀ ਨਾਂ ਫਿਰਦਾ। ਲੋਕਾਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜੇ ਦੇ ਬੋਝ ਥੱਲੇ ਆਏ ਹੋਏ ਹਨ ਹੁਣ ਇਸ ਡਰੇਨ ਵਿਭਾਗ ਦੀ ਲਾਪਰਵਾਹੀ ਕਾਰਨ ਕਿਸਾਨ ਕਈ ਸਾਲ ਆਰਥਿਕ ਪੱਖੋਂ ਨਹੀਂ ਉੱਠ ਸਕਦੇ। ਉਨਾਂ ਇਹ ਵੀ ਕਿਹਾ ਕਿ ਇੱਕ ਵੀਡੀਓ ਵਿੱਚ ਐਸਡੀਓ ਡਰੇਨ ਵਿਭਾਗ ਵੱਲੋਂ ਸਫਾਈ ਨਾਂ ਹੋਣ ਦਾ ਕਬੂਲਨਾਮਾ ਵੀ ਹੋਇਆ ਹੈ।ਪਿੰਡ ਦੇ ਲੋਕਾਂ ਨੇ ਦੱਸਿਆ ਕਿ ਤਿੰਨ ਸਾਲਾਂ ਵਿੱਚ ਕੋਈ ਸਫਾਈ ਨਹੀਂ ਹੋਈ ਸਿਰਫ ਕਾਗਜਾਂ ਵਿੱਚ ਹੀ ਸਫਾਈ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਵੀ ਮਸ਼ੀਨ ਸਿਰਫ ਖੜੀ ਕਰਨ ਤੋਂ ਬਾਅਦ ਵਾਪਸ ਲੈ ਕੇ ਜਾ ਰਹੇ ਸਨ। ਜਦੋਂ ਕਿਸਾਨ ਮਸ਼ੀਨਾਂ ਦੇ ਮੂਹਰੇ ਲਿਟ ਗਏ ਤਾਂ ਮਸ਼ੀਨ ਦੁਆਰਾ ਵਾਪਸ ਲਿਆਂਦੀ ਗਈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਜੱਦੀ ਜਿਲ੍ਹੇ ਵਿੱਚ ਵੀ ਇਹ ਹਾਲ ਹੈ ਤਾਂ ਪੰਜਾਬ ਦੇ ਬਾਕੀ ਜਿਲਿਆਂ ਦਾ ਤਾਂ ਰੱਬ ਹੀ ਰਾਖਾ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਸੀਐਮ ਦੇ ਦਰਬਾਰ ਲਿਜਾ ਕੇ ਹਲਕੇ ਦੇ ਲੋਕਾਂ ਨੂੰ ਇਨਸਾਫ ਦਵਾਇਆ ਜਾਵੇਗਾ।
ਇਸ ਸਬੰਧੀ ਡਰੇਨਜ ਵਿਭਾਗ ਦੇ ਐਸਡੀਓ ਚੇਤਨ ਗੁਪਤਾ ਨਾਲ ਜਦੋਂ ਗੱਲ ਕੀਤੀ ਕਿ ਤੁਸੀਂ ਕੱਲ ਵੀਡੀਓ ਦੇ ਵਿੱਚ ਸਫਾਈ ਨਾਂ ਹੋਣਾ ਕਬੂਲਿਆ ਹੈ ਅਤੇ ਪੱਤਰਕਾਰ ਨੂੰ ਭਰਮਾਉਣ ਦੀ ਗੱਲ ਵੀ ਕਹੀ ਹੈ, ਪ੍ਰੰਤੂ ਉਸ ਉਪਰੰਤ ਵੀ ਕਹਿ ਰਹੇ ਹਨ ਕਿ ਸਫਾਈ ਹੋਈ ਹੈ। ਇਨਾ ਕਹਿਣ ਤੋਂ ਬਾਅਦ ਐਸਡੀਓ ਨੇ ਓਕੇ ਕਹਿ ਕੇ ਫੋਨ ਅੱਧ ਵਿਚਕਾਰ ਹੀ ਕੱਟ ਦਿੱਤਾ ਜਿਸ ਤੋਂ ਅੰਦਾਜ਼ਾ ਭਲੇ ਭਾਂਤ ਹੀ ਲਾਇਆ ਜਾ ਸਕਦਾ ਹੈ।