ਖਨੌਰੀ : ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਹੁਲ ਚਾਬਾ ਨੇ ਅੱਜ ਖਨੌਰੀ ਅਤੇ ਮੂਨਕ ਖੇਤਰ ਵਿਖੇ ਸੰਭਾਵੀ ਹੜ੍ਹਾਂ ਦੀ ਰੋਕਥਾਮ ਹਿਤ ਘੱਗਰ ਦਰਿਆ ਦੇ ਹਾਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨੇ ਮਕਰੌੜ ਸਾਹਿਬ, ਟੋਹਾਣਾ ਰੋਡ ਵਿਖੇ ਘੱਗਰ ਦਰਿਆ ਦੇ ਪੁੱਲ ਸਮੇਤ ਘੱਗਰ ਦੇ ਆਲੇ ਦੁਆਲੇ ਦੀਆਂ ਵੱਖੋ ਵੱਖ ਥਾਂਵਾਂ ਦਾ ਦੌਰਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵੇਲੇ ਖਨੌਰੀ ਵਿਖੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 744 ਫੁੱਟ ਹੈ ਅਤੇ ਓਥੇ 748 ਫੁੱਟ ਤੋਂ ਖਤਰੇ ਦਾ ਨਿਸ਼ਾਨ ਸ਼ੁਰੂ ਹੁੰਦਾ ਹੈ। ਇਸ ਵੇਲੇ ਕਿਸੇ ਵੀ ਕਿਸਮ ਦੀ ਹੜ੍ਹ ਸਬੰਧੀ ਸਥਿਤੀ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰੰਤਰ ਘੱਗਰ ਦਰਿਆ 'ਚ ਪਾਣੀ ਦੇ ਪੱਧਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਨਹਿਰੀ ਵਿਭਾਗ, ਮਾਲ ਵਿਭਾਗ, ਪੁਲੀਸ ਅਤੇ ਹੋਰ ਵਿਭਾਗਾਂ ਵੱਲੋਂ ਨਿਰੰਤਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਜ਼ਰ ਰੱਖੀ ਜਾ ਰਹੀ ਹੈ। ਇਸ ਮੌਕੇ ਐੱਸ.ਡੀ.ਐਮ ਲਹਿਰਾ ਸੂਬਾ ਸਿੰਘ, ਸ੍ਰ ਬੂਟਾ ਸਿੰਘ ਕਾਰਜਕਾਰੀ ਇੰਜੀਨੀਅਰ ਨਹਿਰੀ ਵਿਭਾਗ, ਸ਼੍ਰੀ ਅਰਵਿੰਦ ਜੋਸ਼ੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਸ਼੍ਰੀ ਸੌਰਭ ਸੱਭਰਵਾਲ ਐੱਸ ਐੱਚ ਓ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।