Wednesday, November 26, 2025

Malwa

ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਦੁਕਾਨ ਨੂੰ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜਿਆ

August 27, 2025 11:33 PM
SehajTimes

ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਕਸਬਾ ਹੰਡਿਆਇਆ ਵਿਖੇ ਅੱਜ ਬਾਅਦ ਦੁਪਹਿਰ ਇੱਕ ਦੁਕਾਨ 'ਚ ਅਚਾਨਕ ਅੱਗ ਲੱਗਣ ਕਾਰਨ ਚਾਰੇ ਪਾਸੇ ਹਫੜਾ ਦਫੜੀ ਮੱਚ ਗਈ। ਦੁਕਾਨ ਅੰਦਰ ਲੱਗੀ ਅੱਗ ਨੇ ਮਿੰਟਾਂ ਸਕਿੰਟਾਂ ਵਿੱਚ ਹੀ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਨਾਲ ਦੁਕਾਨ ਸੜਕੇ ਸਵਾਹ ਹੋ ਗਈ। ਦੁਕਾਨ ਦੇ ਮਾਲਕ ਰਾਜਦੀਪ ਉਰਫ਼ ਨੀਟਾ ਸਾਬਕਾ ਐਮਸੀ ਨੇ ਦੱਸਿਆ ਕਿ ਉਹ ਅੱਗ ਲੱਗਣ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਘਰ ਖਾਣਾ ਖਾਣ ਗਿਆ ਸੀ, ਮਗਰੋਂ ਉਸ ਨੂੰ ਗਵਾਂਢੀਆਂ ਨੇ ਫੋਨ ਕਰਕੇ ਉਸਦੀ ਦੀ ਕਰੌਕਰੀ ਤੇ ਗਿਫਟ ਆਈਟਮ ਦੀ ਦੁਕਾਨ ਵਿੱਚ ਅੱਗ ਲੱਗਣ ਸਬੰਧੀ ਦੱਸਿਆ। ਲੋਕਾਂ ਨੇ ਇਕੱਠੇ ਹੋ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਅੱਗ ਜ਼ਿਆਦਾ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜਣ ਤੋਂ ਪਹਿਲਾਂ ਅੱਗ 'ਤੇ ਕਾਬੂ ਨਾ ਪਾਇਆ ਜਾ ਸਕਿਆ, ਜਿਸ ਨਾਲ ਸਾਰਾ ਸਮਾਨ ਸੜ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦੀ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦੁਕਾਨ ਦੇ ਮਾਲਕ ਰਾਜਦੀਪ ਨੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ। ਮੌਕੇ 'ਤੇ ਪੁੱਜੇ ਜ਼ਿਲ੍ਹਾ ਬਰਨਾਲਾ ਦੇ ਫਾਇਰ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਉਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਤ ਮੌਕੇ 'ਤੇ ਪੁੱਜੇ ਅਤੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਇਹ ਵੀ ਪਤਾ ਲੱਗਿਆ ਹੈ ਕਿ ਅੱਗ ਲੱਗਣ ਵਾਲੀ ਦੁਕਾਨ ਦੇ ਉੱਪਰ ਕਿਰਾਏਦਾਰ ਰਹਿੰਦੇ ਸਨ ਜਿਨ੍ਹਾਂ ਨੇ ਐਲਪੀਜੀ ਗੈਸ ਸਿਲੰਡਰ ਸਟੋਰ ਕੀਤੇ ਹੋਏ ਸਨ, ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸਾਰੇ ਸਿਲੰਡਰ ਬਾਹਰ ਕੱਢੇ ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।

Have something to say? Post your comment