ਸੁਨਾਮ : ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਾਰੇ ਸਮਾਜ ਅਤੇ ਸਮਾਜਿਕ ਸੰਸਥਾਵਾਂ ਨੂੰ ਇੱਕ ਜੁੱਟ ਹੋ ਕੇ ਕਾਰਜ ਕਰਨਾ ਪਵੇਗਾ । ਸੂਬੇ ਵਿੱਚ ਨਸ਼ਿਆਂ ਵਰਗੀਆਂ ਅਲਾਮਤਾਂ ਚਿੰਤਾਜਨਕ ਵਰਤਾਰਾ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਹਰਗੋਬਿੰਦ ਪਬਲਿਕ ਸਕੂਲ ਫਤਿਹਗੜ੍ਹ ਗੰਢੂਆਂ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਨਸ਼ਾ ਮੁਕਤ ਚੇਤਨਾ ਸੰਘ ਪੰਜਾਬ ਦੇ ਮੀਡੀਆ ਇੰਚਾਰਜ਼ ਡਾਕਟਰ ਅਵਿਨਾਸ਼ ਰਾਣਾ ਨੇ ਕੀਤਾ, ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਜਾਂ ਤਾਂ ਬਾਹਰਲੇ ਦੇਸ਼ਾਂ ਵੱਲ ਪ੍ਰਵਾਸ ਕਰ ਰਿਹਾ ਹੈ ਅਤੇ ਜਾਂ ਨਸ਼ਿਆਂ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਹੈ, ਇਹ ਆਉਣ ਵਾਲੇ ਪੰਜਾਬ ਦੇ ਭਵਿੱਖ ਲਈ ਚਿੰਤਾਜਨਕ ਵਰਤਾਰਾ ਹਨ, ਇਸ ਮੌਕੇ ਉੱਘੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਲਦਾਲ ਨੇ ਕਿਹਾ ਕਿ ਭਾਵੇਂ ਮੌਜੂਦਾ ਸਰਕਾਰ ਵੀ ਨਸ਼ੇ ਨੂੰ ਰੋਕਣ ਲਈ ਬਹੁਤ ਵੱਡਾ ਕੰਮ ਕਰ ਰਹੀ, ਪ੍ਰੰਤੂ ਸਰਕਾਰਾਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਇਸ ਕਾਰਜ ਲਈ ਅੱਗੇ ਆਉਣ, ਇਸ ਮੌਕੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੁਰਦੀਪ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਸਾਨੂੰ ਅੱਜ ਇਸ ਗੱਲ ਦੀ ਬੇਹਦ ਖੁਸ਼ੀ ਹੈ ਕਿ ਨਸ਼ਾ ਮੁਕਤ ਚੇਤਨਾ ਸੰਘ ਦੇ ਸਟੇਟ ਮੀਡੀਆ ਇੰਚਾਰਜ਼ ਡਾਕਟਰ ਅਵਿਨਾਸ਼ ਰਾਣਾ ਨੇ ਵਿਦਿਆਰਥੀਆਂ ਨਾਲ ਵਡਮੁੱਲੇ ਵਿਚਾਰ ਸਾਂਝੇ ਕੀਤੇ । ਉਨ੍ਹਾਂ ਆਖਿਆ ਪਹਿਲਾਂ ਵੀ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਸੁਚੇਤ ਕਰਨ ਲਈ ਜਾਗਰੂਕਤਾ ਲਈ ਕੈਂਪ ਲਾਏ ਜਾ ਰਹੇ ਹਨ ।ਇਸ ਮੌਕੇ ਜਸ਼ਨਪ੍ਰੀਤ ਕੌਰ, ਜਸਦੀਪ ਕੌਰ, ਪ੍ਰੋਫੈਸਰ ਹਰਦੀਪ ਸਿੰਘ ,ਕਮਲਜੀਤ ਕੌਰ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।