ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਪੇਂਡੂ ਲਿੰਕ ਸੜਕਾਂ ਦੀ ਤਰਸਯੋਗ ਹਾਲਤ ਸਰਕਾਰ ਵੱਲੋਂ ਸੜਕਾਂ ਦੀ ਮੁਰੰਮਤ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਹਲਕੇ ਦੀਆਂ ਬਹੁਤੀਆਂ ਸੜਕਾਂ ਅਜਿਹੀਆਂ ਹਨ ਜਿਨਾਂ ਵਿੱਚ ਦੋ ਦੋ ਫੁੱਟ ਡੂੰਘੇ ਟੋਏ ਪੈ ਚੁੱਕੇ ਹਨ। ਇਹ ਟੋਏ ਕਈ ਜਾਨਲੇਵਾ ਹਾਦਸਿਆਂ ਦਾ ਕਾਰਨ ਵੀ ਬਣ ਚੁੱਕੇ ਹਨ ਅਤੇ ਇਥੋਂ ਲੰਘਣ ਵਾਲੇ ਵਾਹਨਾਂ ਦੇ ਟਾਇਰਾਂ ਸਮੇਤ ਹੋਰ ਨੁਕਸਾਨ ਵੀ ਹੋ ਰਿਹਾ ਹੈ। ਇਹਨਾਂ ਖ਼ਰਾਬ ਸੜਕਾਂ ਵਿੱਚੋਂ ਬਹੁਤੀਆਂ ਸੜਕਾਂ ਤਾਂ ਅਜਿਹੀਆਂ ਹਨ ਜਿਨਾਂ ਉੱਪਰ ਦੀ ਹਲਕਾ ਵਿਧਾਇਕ ਅਤੇ ਵੱਡੇ ਅਫ਼ਸਰਾਂ ਦਾ ਰੋਜ਼ਾਨਾ ਲੰਘਣਾ ਹੈ ਪਰੰਤੂ ਇਸ ਦੇ ਬਾਵਜੂਦ ਵੀ ਇਹਨਾਂ ਸੜਕਾਂ ਦੀ ਹਾਲਤ ਵੱਲ ਹਲਕਾ ਵਿਧਾਇਕ ਅਤੇ ਅਫਸਰਾਂ ਦਾ ਕੋਈ ਧਿਆਨ ਨਹੀਂ ਜਾ ਰਿਹਾ। ਮਹਿਲਕਲਾਂ ਹਲਕੇ 'ਚ ਪੈਂਦੀ ਮੁੱਖ ਸੜਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਹਿਲ ਕਲਾਂ ਨੂੰ ਮਲੇਰਕੋਟਲਾ ਨਾਲ ਜੋੜਦੀ ਵਾਇਆ ਮਹਿਲ ਖੁਰਦ, ਪੰਡੋਰੀ ਸੜਕ ਦੀ ਤਰਸਯੋਗ ਹਾਲਤ ਮਾੜੀਆਂ ਸੜਕਾਂ ਪ੍ਰਤੀ ਵਿਧਾਇਕ ਦੀ ਸੁਹਿਰਦਤਾ 'ਤੇ ਸਵਾਲ ਖੜੇ ਕਰਦੀ ਹੈ ਕਿਉਂਕਿ ਇਸੇ ਸੜਕ 'ਤੇ ਵਿਧਾਇਕ ਦਾ ਪਿੰਡ ਪੈਂਦਾ ਹੈ ਜਿੱਥੋਂ ਉਹ ਰੋਜ਼ਾਨਾ ਕਈ ਵਾਰ ਲੰਘਦੇ ਹਨ। ਇਸ ਸੜਕ ਉੱਪਰ ਪਿੰਡ ਮਹਿਲ ਖੁਰਦ ਵਿਖੇ ਅਤੇ ਪਿੰਡ ਪੰਡੋਰੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਡੂੰਘੇ ਖੱਡਿਆਂ ਵਿੱਚ ਲੋਕ ਜਦੋਂ ਫਸਦੇ ਹਨ ਤਾਂ ਬੁੜਬੁੜ ਕਰਦੇ ਹਨ।ਦੂਜੇ ਪਾਸੇ ਮਹਿਲ ਕਲਾਂ ਤੋਂ ਟੱਲੇਵਾਲ ਪੁਲ ਤੱਕ ਮੋਗਾ ਮੇਨ ਰੋਡ ਨਾਲ ਮਹਿਲ ਕਲਾਂ ਨੂੰ ਜੋੜਦੀ ਸੜਕ ਦਾ ਵੀ ਬਹੁਤ ਬੁਰਾ ਹਾਲ ਹੈ।
ਇਸ 18 ਫੁੱਟ ਸੜਕ 'ਤੇ ਮਹਿਲ ਕਲਾਂ ਤੋਂ ਛੀਨੀਵਾਲ ਅਤੇ ਛੀਨੀਵਾਲ ਤੋਂ ਚੰਨਣਵਾਲ ਤੱਕ ਦੋ ਦੋ ਫੁੱਟ ਡੂੰਘੇ ਟੋਏ ਪੈ ਚੁੱਕੇ ਹਨ। ਬਰਸਾਤ ਦੇ ਦਿਨਾਂ ਦੌਰਾਨ ਇਹਨਾਂ ਸੜਕਾਂ ਤੋਂ ਲੰਘਣਾ ਬਹੁਤ ਔਖਾ ਹੋ ਜਾਂਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਮਹਿਲ ਕਲਾਂ ਮੁੱਖ ਅੱਡੇ ਤੋਂ ਬੀਡੀਪੀਓ ਦਫਤਰ ਦੇ ਅੱਗੇ ਦੀ ਲੰਘ ਰਹੀ ਸੜਕ ਵਿੱਚ ਵੀ ਦੋ ਦੋ ਫੁੱਟ ਡੂੰਘੇ ਟੋਏ ਹਨ ਜਿਨਾਂ ਉੱਪਰ ਦੀ ਬੀਡੀਪੀਓਂ, ਤਹਿਸੀਲਦਾਰ, ਐਸਡੀਐਮ ਰੋਜ਼ਾਨਾ ਆਪਣੇ ਵਹੀਕਲਾਂ ਵਿੱਚ ਲੰਘਦੇ ਹਨ ਅਤੇ ਹਲਕਾ ਵਿਧਾਇਕ ਵੀ ਇੱਕ ਤੋਂ ਵੱਧ ਵਾਰ ਇੱਥੋਂ ਰੋਜ਼ਾਨਾ ਗੁਜ਼ਰਦੇ ਹਨ। ਪ੍ਰੰਤੂ ਇਹਨਾਂ ਅਫਸਰਾਂ ਅਤੇ ਹਲਕਾ ਵਿਧਾਇਕ ਦੀ ਇਹਨਾਂ ਟੋਇਆ ਵੱਲ ਸਵੱਲੀ ਨਜ਼ਰ ਨਹੀਂ ਪੈ ਰਹੀ। ਇਸ ਤੋਂ ਇਲਾਵਾ ਮਹਿਲ ਖੁਰਦ ਨੂੰ ਸ਼ੇਰਪੁਰ ਨਾਲ ਜੋੜਦੀ ਲਿੰਕ ਸੜਕ ਦੀ ਪਿੰਡ ਖਿਆਲੀ ਤੱਕ ਬਹੁਤ ਤਰਸਯੋਗ ਹਾਲਤ ਹੈ। ਇਸ ਸੜਕ ਦੀਆਂ ਦੋਵੇਂ ਪਾਸੇ ਉੱਚੀਆਂ ਕਿਨਾਰੀਆਂ ਕਈ ਭਿਆਨਕ ਹਾਦਸਿਆਂ ਦਾ ਕਾਰਨ ਬਣ ਚੁੱਕੀਆਂ ਹਨ। ਇਹਨਾਂ ਮੁੱਖ ਸੜਕਾਂ ਦੀ ਤਰਸਯੋਗ ਹਾਲਤ ਕਾਰਨ ਲੱਖਾਂ ਰੁਪਏ ਦੇ ਵਹੀਕਲਾਂ ਦੀ ਟੁੱਟ ਭੱਜ ਤੋਂ ਪਰੇਸ਼ਾਨ ਲੋਕਾਂ ਨੇ ਇਹਨਾਂ ਸੜਕਾਂ ਦੀ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ। ਇਹ ਕੁਝ ਕੁ ਮੁੱਖ ਸੜਕਾਂ ਹਨ ਜਿਹੜੀਆਂ ਮਹਿਲ ਕਲਾਂ ਨੂੰ ਬਾਹਰਲੇ ਵੱਡੇ ਸ਼ਹਿਰਾਂ ਨਾਲ ਜੋੜਦੀਆਂ ਹਨ ਇਸ ਤੋਂ ਇਲਾਵਾ ਵੀ ਹਲਕੇ 'ਚ ਲਿੰਕ ਸੜਕਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ।