ਕਿਹਾ, ਕਿ ਨੌਜਵਾਨ ਪੀੜ੍ਹੀ ਸਰੀਰਕ ਤੌਰ ‘ਤੇ ਤੰਦਰੁਸਤ ਰਹੇਗੀ ਤਾਂ ਚੰਗੇ ਫੈਸਲੇ ਲੈ ਕੇ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕੇਗੀ
ਮਲੇਰਕੋਟਲਾ : ਫਿੱਟ ਇੰਡੀਆ ਮੁਹਿੰਮ” ਤਹਿਤ “ਸੰਡੇ ਅੋਨ ਸਾਈਕਲ ” ਰੈਲੀ ਦਾ ਆਯੋਜਨ ਸਥਾਨਕ ਡਾਕਟਰ ਜਾਕਿਰ ਹੂਸੈਨ ਵਿਖੇ ਪੁਲਿਸ ਪ੍ਰਸਾਸ਼ਨ ਵਲੋਂ ਕੀਤਾ ਗਿਆ ਇਸ ਸਾਈਕਲ ਰੈਲੀ ਵਿੱਚ ਨੌਜਵਾਨਾਂ, ਸਕੂਲੀ ਬੱਚਿਆਂ,ਸ਼ਹਿਰ ਨਿਵਾਸੀਆਂ,ਸਾਈਕਲਿੰਗ ਪ੍ਰੇਮੀਆਂ ਅਤੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਰੈਲੀ ਨੂੰ ਜਿਲ੍ਹਾਂ ਪੁਲਿਸ ਮੁਖੀ ਗਗਨ ਅਜੀਤ ਸਿੰਘ ਅਤੇ ਐਸ.ਪੀ. ਅਹਿਮਦਗੜ੍ਹ ਰਾਜਨ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਸ ਮੌਕੇ ਡੀ.ਐੱਸ.ਪੀ. ਮਾਨਵਜੀਤ ਸਿੰਘ ਸਿੱਧੂ, ਡੀ.ਐੱਸ.ਪੀ. ਰਣਜੀਤ ਸਿੰਘ ਬੈਂਸ, ਡੀ.ਐੱਸ.ਪੀ. ਇਨਵੈਸਟੀਗੇਸ਼ਨ ਸ਼ਤੀਸ ਕੁਮਾਰ, ਡੀ.ਐੱਸ.ਪੀ. ਮਾਲੇਰਕੋਟਲਾ ਕੁਲਦੀਪ ਸਿੰਘ, ਐੱਸ.ਐੱਚ.ਓ. ਸਿਟੀ-1 ਇੰਸਪੈਕਟਰ ਬਲਜੀਤ ਸਿੰਘ, ਐੱਸ.ਐੱਚ.ਓ. ਸਿਟੀ-2 ਇੰਸਪੈਕਟਰ ਗੁਰਪ੍ਰੀਤ ਕੌਰ, ਐੱਸ.ਐੱਚ.ਓ. ਸਾਇਬਰ ਕ੍ਰਾਈਮ ਇੰਸਪੈਕਟਰ ਮਨਜੋਤ ਸਿੰਘ ਅਤੇ ਐਸ.ਐਚ.ਓ.ਅਮਰਗੜ੍ਹ ਇੰਸਪੈਕਟਰ ਰਣਦੀਪ ਕੁਮਾਰ ਸਮੇਤ ਕਈ ਹੋਰ ਪੁਲਿਸ ਅਧਿਕਾਰੀ ਮੌਜੂਦ ਰਹੇ। ਰੈਲੀ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਗੁਜ਼ਰੀ ਅਤੇ ਲੋਕਾਂ ਨੂੰ ਫਿਟਨੈਸ ਬਾਰੇ ਜਾਗਰੂਕ ਕਰਨ ਦਾ ਸੁਨੇਹਾ ਦਿੱਤਾ ਗਿਆ।
ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਨੇ ਕਿਹਾ ਕਿ ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਤੰਦਰੁਸਤੀ ਪ੍ਰਤੀ ਜਾਗਰੂਕ ਕਰਨਾ ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ 29 ਅਗਸਤ 2019 ਨੂੰ ਮੇਜਰ ਧਿਆਨ ਚੰਦ ਜੀ ਦੀ ਯਾਦ ਵਿੱਚ ਫਿੱਟ ਇੰਡੀਆ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ‘ਸੰਡੇ ਆਨ ਸਾਈਕਲ’ ਵਰਗੇ ਪ੍ਰੋਗਰਾਮਾਂ ਰਾਹੀਂ ਸਾਰੇ ਦੇਸ਼ ਵਿੱਚ ਲੋਕਾਂ ਨੂੰ ਤੰਦਰੁਸਤ ਜੀਵਨ ਸ਼ੈਲੀ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਨੌਜਵਾਨ ਪੀੜ੍ਹੀ ਸਰੀਰਕ ਤੌਰ ‘ਤੇ ਤੰਦਰੁਸਤ ਰਹੇਗੀ ਤਾਂ ਉਹੀ ਚੰਗੇ ਫੈਸਲੇ ਲੈ ਸਕੇਗੀ, ਚੰਗਾ ਇਨਸਾਨ ਬਣੇਗੀ ਅਤੇ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕੇਗੀ।
ਐੱਸ.ਐੱਸ.ਪੀ. ਨੇ ਇਹ ਵੀ ਦੱਸਿਆ ਕਿ ਸਿਹਤ ਹੀ ਉਹ ਅਸਲੀ ਪੂੰਜੀ ਹੈ ਜਿਸ ਨਾਲ ਨਾ ਸਿਰਫ਼ ਵਿਅਕਤੀਗਤ ਜੀਵਨ ਸੁਧਰਦਾ ਹੈ ਸਗੋਂ ਸਮਾਜ ਅਤੇ ਰਾਸ਼ਟਰ ਦਾ ਭਵਿੱਖ ਵੀ ਮਜ਼ਬੂਤ ਹੁੰਦਾ ਹੈ। ਸਾਈਕਲਿੰਗ ਵਰਗੀਆਂ ਸਧਾਰਣ ਪਰ ਅਸਰਦਾਰ ਗਤੀਵਿਧੀਆਂ ਨੂੰ ਆਪਣੀ ਰੋਜਮਰ੍ਹਾਂ ਵਿੱਚ ਸ਼ਾਮਲ ਕਰਕੇ ਹਰ ਕੋਈ ਤੰਦਰੁਸਤ ਰਹਿ ਸਕਦਾ ਹੈ।
ਰੈਲੀ ਦੇ ਅੰਤ ਵਿੱਚ ਸਕੂਲੀ ਬੱਚਿਆਂ ਨੂੰ ਰਿਫਰੈਸ਼ਮੈਂਟ ਵੰਡੇ ਗਏ ਅਤੇ ਉਨ੍ਹਾਂ ਨੂੰ ਖੇਡਾਂ ਅਤੇ ਸਿਹਤਮੰਦ ਗਤੀਵਿਧੀਆਂ ਨੂੰ ਆਪਣੀ ਰੁੱਟੀਨ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਰੈਲੀ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਦੇ ਉਤਸ਼ਾਹ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਅਤੇ ਪ੍ਰੇਰਣਾਦਾਇਕ ਬਣਾਇਆ।
ਆਖੀਰ ਵਿੱਚ ਉਨ੍ਹਾ ਕਿਹਾ,ਆਓ ਸਭ ਮਿਲ ਕੇ ਤੰਦਰੁਸਤੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ -ਫਿੱਟ ਇੰਡੀਆ, ਹਿੱਟ ਇੰਡੀਆ