ਮਲੇਰਕੋਟਲਾ : ਪਾਇਨੀਅਰ ਕਾਨਵੈਂਟ ਸਕੂਲ, ਗੱਜਣ ਮਾਜਰਾ ਇੱਕ ਵਾਰ ਫਿਰ ਖੇਡਾਂ ਅਤੇ ਸਿੱਖਿਆ ਦੋਵਾਂ ਖੇਤਰਾਂ 'ਚ ਆਪਣੀ ਵਿਲੱਖਣ ਪਛਾਣ ਬਣਾਉਣ ਵਿੱਚ ਕਾਮਯਾਬ ਹੋਇਆ ਹੈ। ਸਕੂਲ ਦੇ ਕਲਾਸ 9ਵੀਂ ਦੇ ਵਿਦਿਆਰਥੀ ਯਮਨਵੀਰ ਜਵੰਧਾ ਪੁੱਤਰ ਮੁਹੰਮਦ ਸਮੀਰ ਅਤੇ ਵੀਰੋ ਵਾਸੀ ਪਿੰਡ ਬਾਦਸ਼ਾਪੁਰ ਮੰਡਿਆਲਾ ਨੇ ਨੋਇਡਾ (ਦਿੱਲੀ) ਵਿੱਚ ਹੋਈ ਨੇਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਹਾਸਲ ਕਰਕੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ।
ਜਿਸ ਦੇ ਸਬੰਧੀ ਸਕੂਲ ਵੱਲੋਂ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਪ੍ਰਿੰਸਿਪਲ ਡਾ. ਪਰਮਿੰਦਰ ਕੌਰ ਮੰਡੇਰ ਵੱਲੋਂ ਯਮਨਵੀਰ ਨੂੰ ਅਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵਾਈਸ ਪ੍ਰਿੰਸਿਪਲ ਰਤਨਪਾਲ ਸਿੰਘ, ਇਕਬਾਲ ਸਿੰਘ, ਡੀ.ਪੀ. ਸਟਾਫ ਅਤੇ ਯਮਨਵੀਰ ਜਵੰਧਾ ਦੇ ਪਿਤਾ ਮੁਹੰਮਦ ਸਮੀਰ ਵੀ ਮੌਜੂਦ ਸਨ। ਸਭ ਨੇ ਯਮਨਵੀਰ ਜਵੰਧਾ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਧਾਈ ਦਿੱਤੀ।
ਪ੍ਰਿੰਸਿਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਕਿਹਾ ਕਿ ਪਾਇਨੀਅਰ ਕਾਨਵੈਂਟ ਸਕੂਲ ਨੇ ਹਮੇਸ਼ਾ ਵਿਦਿਆਰਥੀਆਂ ਦੇ ਪੜ੍ਹਾਈ ਨਾਲ ਨਾਲ ਖੇਡਾਂ ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਇਸੇ ਕਾਰਨ ਸਕੂਲ ਦੇ ਵਿਦਿਆਰਥੀ ਸਿਰਫ਼ ਕਿਤਾਬਾਂ 'ਚ ਹੀ ਨਹੀਂ, ਸਗੋਂ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣੀ ਕਾਬਲੀਆਤ ਸਾਬਤ ਕਰ ਰਹੇ ਹਨ।ਇਹ ਉਪਲਬਧੀ ਨਾ ਸਿਰਫ਼ ਯਮਨਵੀਰ ਦੇ ਪਰਿਵਾਰ ਲਈ ਮਾਣ ਵਾਲੀ ਹੈ ਸਗੋਂ ਪੂਰੇ ਖੇਤਰ ਮਲੇਰਕੋਟਲਾ ਲਈ ਵੀ ਵੱਡੀ ਪ੍ਰੇਰਣਾ ਹੈ।