ਮਲੇਰਕੋਟਲਾ : ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚਲਦੇ ਹਜ਼ਰਤ ਹਲੀਮਾ ਹਸਪਤਾਲ ਮਾਲੇਰਕੋਟਲਾ ਵੱਲੋਂ ਦਵਾਈਆਂ ਦੀ ਖਰੀਦ ਸੰਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਵੇਂ ਹੁਕਮ ਅਨੁਸਾਰ ਹੁਣ ਹਸਪਤਾਲ ਅੰਦਰ ਦਵਾਈਆਂ ਦੀ ਖਰੀਦਦਾਰੀ ਸਿਰਫ਼ ਹਸਪਤਾਲ ਦੀ "ਪਰਚੇਜ਼ ਕਮੇਟੀ" ਰਾਹੀਂ ਹੀ ਕੀਤੀ ਜਾਵੇਗੀ। ਕੋਈ ਹੋਰ ਵਿਭਾਗ ਜਾਂ ਕਰਮਚਾਰੀ ਆਪਣੇ ਤੌਰ 'ਤੇ ਦਵਾਈਆਂ ਨਹੀਂ ਖਰੀਦ ਸਕੇਗਾ।
ਹਸਪਤਾਲ ਪ੍ਰਬੰਧਕੀ ਕਮੇਟੀ ਦੇ ਐਮ ਡੀ ਐਡਵੋਕੇਟ ਸ਼ਮਸ਼ਾਦ ਅਲੀ ਅਤੇ ਕਮੇਟੀ ਇੰਚਾਰਜ ਸ਼ਹਿਬਾਜ਼ ਰਾਣਾ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ, ਡਾਕਟਰਾਂ ਨੂੰ ਸਖ਼ਤ ਤੌਰ 'ਤੇ ਸਲਾਹ ਦਿੱਤੀ ਗਈ ਹੈ ਕਿ ਉਹ ਮਰੀਜ਼ਾਂ ਲਈ ਦਿੱਤੀਆਂ ਜਾਣ ਵਾਲੀਆਂ ਪਰਚੀਆਂ ਜਾਂ ਸਲਿੱਪਾਂ 'ਤੇ ਦਵਾਈਆਂ ਦੇ ਬ੍ਰਾਂਡ ਦਾ ਨਾਮ ਨਾ ਲਿਖਣ ਬਲਕਿ ਇਸ ਦੀ ਬਜਾਏ ਉਨ੍ਹਾਂ ਨੂੰ ਸਿਰਫ਼ ਦਵਾਈਆਂ ਦੇ "ਸਾਲਟ ਨਾਮ" ਲਿਖਣੇ ਲਾਜ਼ਮੀ ਹੋਣਗੇ।
ਪ੍ਰਬੰਧਕੀ ਕਮੇਟੀ ਮੈਂਬਰਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਾਰੀ ਖਰੀਦ-ਪ੍ਰਕਿਰਿਆ ਸਰਕਾਰੀ ਨਿਯਮਾਂ ਅਤੇ ਸੰਬੰਧਿਤ ਅਧਿਕਾਰਤ ਕਮੇਟੀ ਵੱਲੋਂ ਤੈਅ ਕੀਤੇ ਨਿਯਮਾਂ ਅਨੁਸਾਰ ਹੀ ਕੀਤੀ ਜਾਵੇਗੀ। ਕਿਸੇ ਵੀ ਤਰ੍ਹਾਂ ਦੇ ਉਲੰਘਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਸ ਹੁਕਮ ਦੀ ਪਾਲਣਾ ਸਾਰੇ ਸੰਬੰਧਤ ਡਾਕਟਰਾਂ ਅਤੇ ਸਟਾਫ ਮੈਂਬਰਾਂ ਲਈ ਲਾਜ਼ਮੀ ਘੋਸ਼ਿਤ ਕੀਤੀ ਗਈ ਹੈ।
ਹਸਪਤਾਲ ਪ੍ਰਬੰਧਨ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਦਵਾਈਆਂ ਦੀ ਖਰੀਦ ਵਿੱਚ ਹੋ ਸਕਣ ਵਾਲੀ ਗੜਬੜ ਨੂੰ ਰੋਕਣ ਅਤੇ ਮਰੀਜ਼ਾਂ ਨੂੰ ਸਸਤੀ ਤੇ ਗੁਣਵੱਤਾ ਵਾਲੀ ਇਲਾਜੀ ਸਹੂਲਤ ਦੇਣ ਲਈ ਲਿਆ ਗਿਆ ਹੈ। ਦਵਾਈਆਂ ਦੇ ਬ੍ਰਾਂਡ ਨਾਮਾਂ ਦੀ ਬਜਾਏ ਸਾਲਟ ਨਾਮ ਲਿਖਣ ਨਾਲ ਨਾ ਸਿਰਫ਼ ਬਿਨਾਂ ਲੋੜ ਵਾਧੂ ਖਰਚਾ ਰੁਕੇਗਾ ਬਲਕਿ ਮਰੀਜ਼ਾਂ ਨੂੰ ਵਿਕਲਪਿਕ ਤੇ ਆਸਾਨੀ ਨਾਲ ਉਪਲਬਧ ਦਵਾਈਆਂ ਵੀ ਮਿਲ ਸਕਣਗੀਆਂ।