ਸ਼ੇਰਪੁਰ : ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੀ ਆਸ਼ਾ ਵਰਕਰ ਅਤੇ ਆਸ਼ਾ ਫੈਸੀਲੀਟੇਟਰ ਸਾਂਝਾ ਮੋਰਚਾ ਪੰਜਾਬ ਵੱਲੋਂ ਸੂਬਾ ਕਨਵੀਨਰ ਅਮਰਜੀਤ ਕੌਰ ਰਾਣਾ ਸਿੰਘ ਵਾਲਾ, ਰਾਣੋ ਖੇੜੀ ਗਿੱਲ, ਸਤੀਸ਼ ਰਾਣਾ ਗਰੁੱਪ, ਹਰਵਿੰਦਰ ਕੌਰ ਸਤਰਾਣਾ ਪਟਿਆਲਾ ਗੁਰੱਪ ਸੀਟੂ,ਸੰਤੋਖ ਕੁਮਾਰੀ ਫਿਰੋਜਪੁਰ ਵੱਲੋਂ ਸਾਂਝੇ ਤੌਰ ਤੇ ਲਗਾਤਾਰ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਹੈ । ਅੱਜ ਆਪਣੀ ਹੱਕੀ ਮੰਗਾਂ ਮਨਾਉਣ ਲਈ ਆਸ਼ਾ ਵਰਕਰ ਅਤੇ ਆਸ਼ਾ ਫੈਸੀਲੀਟੇਟਰ ਯੂਨੀਅਨ ਦੀ ਬਲਾਕ ਪ੍ਰਧਾਨ ਛਿੰਦਰਪਾਲ ਕੌਰ ਕਾਤਰੋਂ ਦੀ ਅਗਵਾਈ ਹੇਠ ਸਮੂਹ ਆਸਾ ਵਰਕਰਾਂ ਨੇ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮੈਗੀ ਬਾਂਸਲ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਮ ਹੇਠ ਮੰਗ ਪੱਤਰ ਸੌਂਪਿਆ ਗਿਆ । ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਸਮੂਹ ਵਰਕਰਾਂ ਨਾਲ ਕੀਤੇ ਵਾਅਦਿਆਂ ਤੇ ਵਫ਼ਾ ਨਹੀਂ ਹੋ ਰਹੀ। ਸਗੋਂ ਉਹਨਾਂ ਨੂੰ ਬਣਦੇ ਹੱਕ ਦੇਣ ਦੀ ਬਜਾਏ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕੱਟੇ ਭੱਤਿਆਂ ਨੂੰ ਮੁੜ ਬਹਾਲ ਕੀਤਾ ਜਾਵੇ, ਫੈਸੀਲੀਟੇਟਰਾਂ ਨੂੰ ਕੇਂਦਰ ਸਰਕਾਰ ਤੋਂ ਮਿਲਣ ਵਾਲਾ ਇਕ ਹਜ਼ਾਰ ਰੁਪਏ ਅਤੇ ਟੂਰ ਮਨੀ ਵਿੱਚ ਵਾਧਾ ਕੀਤਾ ਜਾਵੇ । 10 ਆਸ਼ਾ ਵਰਕਰਾਂ ਪਿੱਛੇ ਇੱਕ ਫੈਸੀਲੀਟੇਟਰ ਰੱਖੀ ਜਾਵੇ । ਉਹਨਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਦਾ ਹਰ ਮਹੀਨੇ ਦੀ ਸੱਤ ਤਰੀਕ ਨੂੰ ਬਣਦਾ ਭੱਤਾ ਖਾਤਿਆਂ ਵਿੱਚ ਪਾਇਆ ਜਾਂਦਾ ਸੀ ਜੋ ਇਸ ਵਾਰ ਅੱਧ ਵਿਚਕਾਰ ਲਟਕ ਰਿਹਾ ਹੈ। ਕਿਉਂਕਿ ਅੱਤ ਦੀ ਮਹਿੰਗਾਈ ਦੇ ਦੌਰ ਵਿੱਚ ਦਿਨ ਰਾਤ ਇਮਾਨਦਾਰੀ ਅਤੇ ਮਿਹਨਤ ਮੁਸ਼ੱਕਤ ਨਾਲ ਕੰਮ ਕਰ ਰਹੀਆਂ ਵਰਕਰਾਂ ਦੀ ਇਨਸੈਂਟਵ ਅਤੇ ਹੋਰ ਭੱਤਿਆਂ ਵਿੱਚ ਸਰਕਾਰ ਵੱਲੋਂ ਵਾਧਾ ਕਰਨ ਦੀ ਬਜਾਏ ਬਾਰ ਬਾਰ ਲੀਡਰਾਂ ਨਾਲ ਮੀਟਿੰਗਾਂ ਕਰਵਾ ਕੇ ਉਹਨਾਂ ਦਾ ਮਜ਼ਾਕ ਬਣਾਇਆ ਜਾ ਰਿਹਾ। ਇਥੇ ਹੀ ਬੱਸ ਨਹੀਂ ਆਸ਼ਾ ਵਰਕਰਾਂ ਨੂੰ ਮਿਲਣ ਵਾਲਾ 2500 ਰੁਪਏ ਦਾ ਭੱਤਾ ਸਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੁਗਣਾ ਕਰਨ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਨ ਦੀ ਬਜਾਏ ਵਰਕਰਾਂ ਦੇ ਬਣਦੇ ਹੱਕਾਂ ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਮੂਹ ਵਰਕਰਾਂ ਦੇ ਬਣਦੇ ਹੱਕ ਸਮੇਂ ਸਿਰ ਨਾ ਦਿੱਤੇ ਗਏ ਤਾਂ ਆਉਣ ਵਾਲੇ ਸਮੇਂ ਅੰਦਰ ਮਜਬੂਰ ਉਹਨਾਂ ਨੂੰ ਪੱਕੇ ਮੋਰਚੇ ਲਾਉਣ ਲਈ ਮਜ਼ਬੂਰ ਹੋਣਾ ਪਵੇਗਾ । ਉਹਨਾਂ ਅੱਗੇ ਦੱਸਿਆ ਕਿ 25 ਅਗਸਤ ਤੋਂ 31 ਅਗਸਤ ਤੱਕ ਰੋਸ਼ ਵਜੋਂ ਸਾਰੀਆਂ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਵੱਲੋਂ ਸਿਹਤ ਵਿਭਾਗ ਦੇ ਸਾਰੇ ਕੰਮਕਾਜ ਦੇ ਬਾਈਕਾਟ ਦਾ ਫੈਸਲਾ ਲਿਆ ਹੈ। ਇਸ ਮੌਕੇ ਬਲਾਕ ਸ਼ੇਰਪੁਰ ਦੀਆਂ ਆਸਾਂ ਵਰਕਰਾਂ ਵੀ ਹਾਜ਼ਰ ਸਨ ।