ਪਟਿਆਲਾ : ਸ਼ਹਿਰ ਦੇ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਮੀ ਤੋਂ ਰਹਾਤ ਦਿਵਾਉਣ ਲਈ ਨਗਰ ਨਿਗਮ ਪਟਿਆਲਾ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਸਰਹੰਦੀ ਗੇਟ ਖੇਤਰ ਵਿੱਚ ਨਵੇਂ ਟਿਊਬਵੈਲ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਨਿਗਮ ਅਧਿਕਾਰੀਆਂ ਅਨੁਸਾਰ ਇਸ ਟਿਊਬਵੈਲ ਦੇ ਚੱਲਣ ਨਾਲ 10 ਤੋਂ ਵੱਧ ਇਲਾਕਿਆਂ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ। ਇਸ ਮੌਕੇ ਉਨ੍ਹਾਂ ਨਾਲ ਰਾਜੇਸ਼ ਜੇਈ, ਸੈਕਟਰੀ ਰਜਿੰਦਰ ਮੋਹਨ, ਲੱਕੀ ਲਹਿਲ, ਰਾਜੂ ਤਲਵਾਰ, ਗੋਰਾ ਲਾਲ, ਨੀਰਜ ਅਤੇ ਹੋਰ ਨਿਗਮ ਕਰਮਚਾਰੀ ਮੌਜੂਦ ਸਨ.
ਮੇਅਰ ਕੁੰਦਨ ਗੋਗੀਆ ਨੇ ਇਸ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਪਾਣੀ ਜੀਵਨ ਦੀ ਮੁੱਖ ਲੋੜ ਹੈ ਅਤੇ ਇਸ ਸਮੱਸਿਆ ਦਾ ਹੱਲ ਕਰਨਾ ਨਗਰ ਨਿਗਮ ਦੀ ਪ੍ਰਾਥਮਿਕਤਾ ਹੈ। ਉਹਨਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਸਰਹੰਦੀ ਗੇਟ ਅਤੇ ਨੇੜਲੇ ਇਲਾਕਿਆਂ ਦੇ ਵਾਸੀਆਂ ਵੱਲੋਂ ਪਾਣੀ ਦੀ ਘਾਟ ਬਾਰੇ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ। ਇਸ ਕਰਕੇ ਲੋਕਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਮੇਅਰ ਨੇ ਜਾਣਕਾਰੀ ਦਿੱਤੀ ਕਿ ਇਸ ਟਿਊਬਵੈਲ ਤੋਂ ਮਿਲਣ ਵਾਲੀ ਸਪਲਾਈ ਨਾਲ ਡੋਗਰਾ ਮੁਹੱਲਾ, ਆਰੀਆ ਸਮਾਜ, ਬਾਜ਼ਾਰ ਖੇਤਰ, ਲਾਹੋਰੀ ਗੇਟ ਅਤੇ ਨੇੜਲੇ ਹੋਰ ਇਲਾਕਿਆਂ ਨੂੰ ਨਿਯਮਿਤ ਤੌਰ 'ਤੇ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ। ਨਵੇਂ ਟਿਊਬਵੈਲ ਵਿੱਚ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਲੰਬੇ ਸਮੇਂ ਤੱਕ ਸਥਿਰ ਪਾਣੀ ਸਪਲਾਈ ਯਕੀਨੀ ਬਣਾਈ ਜਾ ਸਕੇਗੀ।
ਸਥਾਨਕ ਨਿਵਾਸੀਆਂ ਨੇ ਨਗਰ ਨਿਗਮ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਟਿਊਬੈਲ ਲੱਗਣ ਦਾ ਕੰਮ ਸਮੇ ਨਾਲ ਪੂਰਾ ਹੋ ਜਾਂਦਾ ਹੈ ਤਾਂ ਕਈ ਸਾਲਾਂ ਤੋਂ ਚੱਲਦੀ ਆ ਰਹੀ ਪਾਣੀ ਦੀ ਸਮੱਸਿਆ ਹਮੇਸ਼ਾਂ ਲਈ ਦੂਰ ਹੋ ਸਕਦੀ ਹੈ।
ਮੇਅਰ ਕੁੰਦਨ ਗੋਗੀਆ ਨੇ ਆਖਿਰ ਵਿੱਚ ਇਹ ਭਰੋਸਾ ਦਿਵਾਇਆ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਪਾਣੀ ਦੀ ਸਹੂਲਤ ਯਕੀਨੀ ਬਣਾਈ ਜਾਵੇਗੀ ਅਤੇ ਜਿੱਥੇ ਵੀ ਘਾਟ ਹੋਵੇਗੀ, ਉਸ ਨੂੰ ਦੂਰ ਕਰਨ ਲਈ ਹੋਰ ਟਿਊਬਵੈਲ ਲਗਾਉਣ ਦੇ ਯਤਨ ਜਾਰੀ ਰਹਿਣਗੇ।