ਡਾਟਾ ਚੋਰੀ ਦੇ ਇਲਜ਼ਾਮ ਗੁੰਮਰਾਹਕੁੰਨ
ਹੁੰਮਸ ਭਰੀ ਗਰਮੀ ਦੇ ਬਾਵਜੂਦ ਸੜਕਾਂ ਤੇ ਉਤਰੇ ਵਰਕਰ
'ਆਪ' ਸਰਕਾਰ ਦਲਿਤ ਵਰਗ ਸਣੇ ਹੋਰਨਾਂ ਨੂੰ ਲਾਭ ਪ੍ਰਦਾਨ ਕਰਨ ‘ਚ ਪੈਦਾ ਕਰ ਰਹੀ ਰੁਕਾਵਟਾਂ
ਸੁਨਾਮ : ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਅਨੁਸੂਚਿਤ ਜਾਤੀ ਸਮੇਤ ਹੋਰਨਾਂ ਵਰਗਾਂ ਤੱਕ ਪਹੁੰਚਾਉਣ ਲਈ ਭਾਜਪਾ ਵੱਲੋਂ ਪਿੰਡਾਂ ਵਿੱਚ ਲਾਏ ਜਾ ਰਹੇ ਕੈਂਪਾਂ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਰੋਕਣ ਤੋਂ ਖ਼ਫ਼ਾ ਹੋਏ ਭਾਜਪਾ ਵਰਕਰਾਂ ਨੇ ਸ਼ੁੱਕਰਵਾਰ ਨੂੰ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਸੜਕਾਂ 'ਤੇ ਉਤਰਕੇ ਐਸਡੀਐਮ ਦਫ਼ਤਰ ਸਾਹਮਣੇ ਕਾਲੀਆਂ ਪੱਟੀਆਂ ਬੰਨ੍ਹਕੇ ਰੋਸ ਧਰਨਾ ਦੇਕੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹੁੰਮਸ ਭਰੀ ਗਰਮੀ ਦੇ ਬਾਵਜੂਦ, ਵੱਡੀ ਗਿਣਤੀ ਭਾਜਪਾ ਵਰਕਰਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਐਸਡੀਐਮ ਦਫ਼ਤਰ ਦੇ ਸਾਹਮਣੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਲਿਤ ਵਰਗ ਸਮੇਤ ਹੋਰਨਾਂ ਲਾਭਪਾਤਰੀਆਂ ਨੂੰ ਲਾਭ ਪ੍ਰਦਾਨ ਕਰਨ ਵਿੱਚ ਰੁਕਾਵਟਾਂ ਪੈਦਾ ਕਰ ਰਹੀ ਹੈ, ਭਾਜਪਾ ਭਗਵੰਤ ਮਾਨ ਸਰਕਾਰ ਦੀਆਂ ਅਜਿਹੀਆਂ ਆਪ ਹੁਦਰੀਆਂ ਕਾਰਵਾਈ ਨੂੰ ਨਕਾਰਕੇ ਇਹ ਯਕੀਨੀ ਬਣਾਏਗੀ ਕਿ ਮੋਦੀ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਹਰ ਯੋਗ ਪਰਿਵਾਰ ਦੇ ਦਰਵਾਜ਼ੇ ਤੱਕ ਪਹੁੰਚੇ। ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਕਿਹਾ ਕਿ ਮੌਜੂਦਾ ਸਮੇਂ ਵੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਖੁਦ ਆਪਣੇ ਘਰ ਅਜਿਹੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਸੁਵਿਧਾ ਕੇਂਦਰ ਚਲਾ ਰਹੇ ਹਨ ਜਿਹੜਾ ਉਨ੍ਹਾਂ ਨੇ ਵਿਰੋਧੀ ਪਾਰਟੀ ਦੇ ਵਿਧਾਇਕ ਹੁੰਦਿਆਂ ਸ਼ੁਰੂ ਕੀਤਾ ਸੀ। ਉਸ ਸਮੇਂ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ ਜਿਹੜਾ ਹੁਣ ਉਨ੍ਹਾਂ ਦੀ ਸਰਕਾਰ ਭਾਜਪਾ ਨੂੰ ਰੋਕ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਯੋਜਨਾਵਾਂ ਦਾ ਡਾਟਾ ਪਹਿਲਾਂ ਹੀ ਰਾਜ ਅਤੇ ਕੇਂਦਰ ਸਰਕਾਰ ਦੇ ਪੋਰਟਲ 'ਤੇ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਹਰ ਪਿੰਡ ਵਿੱਚ ਸੁਵਿਧਾ ਕੈਂਪ ਲਗਾਏ ਜਾਣਗੇ ਭਾਜਪਾ ਲੋੜਵੰਦ ਪਰਿਵਾਰਾਂ ਨੂੰ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨ ਵਿੱਚ ਸਰਕਾਰੀ ਰੁਕਾਵਟ ਸਹਿਣ ਨਹੀਂ ਕਰੇਗੀ। ਧਰਨਾਕਾਰੀਆਂ ਨੇ ਐਸਡੀਐਮ ਪ੍ਰਮੋਦ ਸਿੰਗਲਾ ਨੂੰ ਲਿਖਤੀ ਪੱਤਰ ਦੇਕੇ ਸੁਵਿਧਾ ਕੈਂਪ ਲਗਾਏ ਜਾਣ ਦੀ ਪ੍ਰਵਾਨਗੀ ਮੰਗੀ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ, ਸਾਬਕਾ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਖੇਰਾ, ਰਾਂਝਾ ਬਖਸ਼ੀ ਖਨੌਰੀ, ਹਿੰਮਤ ਸਿੰਘ ਬਾਜਵਾ, ਸ਼ੰਕਰ ਬਾਂਸਲ, ਰਵੀ ਸ਼ੇਰਵਿੰਦਰ ਸਿੰਘ ਡਸਕਾ, ਨਵਾਬ ਨਾਗਰਾ, ਅੰਮ੍ਰਿਤਪਾਲ ਸਿੰਘ ਭਾਊ, ਸੋਨੂੰ ਮਿੱਤਲ, ਮੋਹਨ ਸਿੰਘ ਮਕੋਰੜ, ਦਰਸ਼ਨ ਸਿੰਘ ਨਮੋਲ, ਸਤਗੁਰ ਸਿੰਘ ਛਾਜਲੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।