ਪਟਿਆਲਾ : ਪਟਿਆਲਾ ਨੂੰ ਕਬਜ਼ਾ ਮੁਕਤ ਬਣਾਉਣ ਲਈ ਨਗਰ ਨਿਗਮ ਵੱਲੋਂ ਲਗਾਤਾਰ ਤੀਵਰ ਕਾਰਵਾਈ ਕੀਤੀ ਜਾ ਰਹੀ ਹੈ। ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਹੇਠ ਨਿਗਮ ਦੀ ਟੀਮ ਨੇ ਅੱਜ ਕਈ ਇਲਾਕਿਆਂ ਵਿੱਚ ਵੱਡੇ ਪੱਧਰ ’ਤੇ ਸੜਕਾਂ ਉੱਪਰ ਲੱਗੀਆਂ ਰੇਹੜੀਆਂ ਅਤੇ ਦੁਕਾਨਦਾਰਾਂ ਵਲੋਂ ਸੜਕਾਂ ਨੂੰ ਕਾਬਜ ਕਰ ਕੇ ਰੱਖਿਆ ਸਮਾਨ ਪਿੱਛੇ ਹਟਵਾਇਆ। ਇਸ ਦੌਰਾਨ ਜਿੱਥੇ ਵਪਾਰੀਆਂ ਨੂੰ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਨ ਲਈ ਸਚੇਤ ਕੀਤਾ ਗਿਆ, ਉੱਥੇ ਹੀ ਸੜਕਾਂ ’ਤੇ ਪਿਆ ਸਮਾਨ ਜਬਤ ਵੀ ਕੀਤਾ ਗਿਆ।
ਕਾਰਵਾਈ ਕਰਨ ਪੁੱਜੇ ਇੰਸਪੈਕਟਰ ਵਿਸ਼ਾਲ ਵਰਮਾ ਅਤੇ ਨਿਗਮ ਟੀਮ ਨੇ ਸਭ ਤੋਂ ਪਹਿਲਾਂ ਤ੍ਰਿਪੜੀ ਇਲਾਕੇ ਵਿੱਚ ਕਾਰਵਾਈ ਕੀਤੀ। ਇੱਥੇ ਜਿਨ੍ਹਾਂ ਦੁਕਾਨਦਾਰਾਂ ਨੇ ਆਪਣਾ ਸਮਾਨ ਸੜਕਾਂ ’ਤੇ ਰੱਖਿਆ ਹੋਇਆ ਸੀ, ਉਨ੍ਹਾਂ ਦਾ ਸਮਾਨ ਤੁਰੰਤ ਜਬਤ ਕਰ ਲਿਆ ਗਿਆ, ਨਾਲ ਹੀ, ਜਿਨ੍ਹਾਂ ਦੁਕਾਨਦਾਰਾਂ ਦੇ ਟੇਬਲ, ਮੇਜ਼, ਕੁਰਸੀਆਂ ਤੇ ਮੰਜੇ ਬਾਹਰ ਪਏ ਸਨ, ਉਨ੍ਹਾਂ ਨੂੰ ਮੌਕੇ ’ਤੇ ਹੀ ਅੰਦਰ ਕਰਵਾਇਆ ਗਿਆ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਸੜਕਾਂ ਅਤੇ ਫੁਟਪਾਥ ਲੋਕਾਂ ਲਈ ਹਨ, ਨਾ ਕਿ ਨਿੱਜੀ ਵਪਾਰਕ ਵਰਤੋਂ ਲਈ।
ਵਿਸ਼ਾਲ ਵਰਮਾ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਸਟਰੀਟ ਵੈਂਡਿੰਗ ਕਾਰਡ ਵੀ ਚੈੱਕ ਕੀਤੇ ਗਏ। ਜਿਨ੍ਹਾਂ ਵੈਂਡਰਾਂ ਕੋਲ ਵੈਧ ਕਾਰਡ ਸਨ, ਉਨ੍ਹਾਂ ਨੂੰ ਤਰਤੀਬ ਨਾਲ ਕੰਮ ਕਰਨ ਲਈ ਕਿਹਾ ਗਿਆ, ਜਦਕਿ ਬਿਨਾਂ ਕਾਰਡ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਥਾਪਰ ਕਾਲਜ ਦੇ ਬਾਹਰ ਵੀ ਰੇਹੜੀਆਂ ਦੀ ਚੈਕਿੰਗ ਕੀਤੀ ਗਈ। ਸਾਰੀ ਰੇਹੜੀਆਂ ਨੂੰ ਇੱਕ ਕਤਾਰ ਵਿੱਚ ਤਰਤੀਬ ਨਾਲ ਖੜ੍ਹਾਇਆ ਗਿਆ ਤਾਂ ਜੋ ਆਵਾਜਾਈ ਵਿੱਚ ਕੋਈ ਰੁਕਾਵਟ ਨਾ ਪੈ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਕਾਲਜ ਖੇਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਉਂਦੇ-ਜਾਂਦੇ ਹਨ, ਇਸ ਕਰਕੇ ਇੱਥੇ ਟ੍ਰੈਫਿਕ ਪ੍ਰਬੰਧ ਸਭ ਤੋਂ ਵੱਡੀ ਚੁਣੌਤੀ ਹੈ। ਇਸ ਮੁਹਿੰਮ ਨਾਲ ਵਿਦਿਆਰਥੀਆਂ ਤੇ ਆਮ ਜਨਤਾ ਦੋਹਾਂ ਨੂੰ ਸੁਵਿਧਾ ਮਿਲੇਗੀ।
ਜਨਤਾ ਵੱਲੋਂ ਵੀ ਨਿਗਮ ਦੀ ਇਸ ਮੁਹਿੰਮ ਦੀ ਸਰਾਹਨਾ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਕਾਰਵਾਈ ਲਗਾਤਾਰ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਪਟਿਆਲਾ ਹੋਰ ਵੀ ਸਾਫ਼-ਸੁਥਰਾ ਅਤੇ ਸੁਵਿਧਾਜਨਕ ਸ਼ਹਿਰ ਬਣੇਗਾ।