ਮੇਲੇ ਦੌਰਾਨ ਵੱਖ-ਵੱਖ ਪੰਜਾਬੀ ਵੰਨਗੀਆਂ ਦੇ ਸ਼ਾਨਦਾਰ ਮੁਕਾਬਲੇ ਕਰਵਾਏ
ਸੰਗਰੂਰ : ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਵਰਗ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਮਹਿਲਾਵਾਂ ਦੇ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਵੱਧ ਤੋਂ ਵੱਧ ਮੌਕੇ ਦਿੱਤੇ ਜਾ ਰਹੇ ਹਨ। ਪੰਜਾਬ ਦੀਆਂ ਧੀਆਂ ਨੇ ਘਰਾਂ ਦੀਆਂ ਚਾਰਦੀਵਾਰੀਆਂ ਵਿੱਚੋਂ ਨਿਕਲ ਕੇ ਆਪਣਾ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਬਾਬਤ ਬਹੁਤ ਕੰਮ ਕੀਤਾ ਗਿਆ ਹੈ ਪਰ ਹਾਲੇ ਵੀ ਕੰਮ ਐਨਾ ਕਰਨਾ ਬਾਕੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਧੀਆਂ ਜੰਮਣ ਸਬੰਧੀ ਇਕ ਵਾਰ ਵੀ ਸ਼ੰਕਾ ਖੜ੍ਹਾ ਨਾ ਹੋਵੇ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ: ਕਮਲਦੀਪ ਸ਼ਰਮਾ, ਚੇਅਰਪਰਸਨ ਹਸਪਤਾਲ ਭਲਾਈ ਸ਼ਾਖਾ, ਇੰਡੀਅਨ ਰੈਡ ਕਰਾਸ ਸੁਸਾਇਟੀ, ਸੰਗਰੂਰ ਨੇ ਇੰਡੀਅਨ ਰੈਡ ਕਰਾਸ ਸੁਸਾਇਟੀ ਜ਼ਿਲ੍ਹਾ ਬਰਾਂਚ, ਸੰਗਰੂਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਵਿਖੇ ਕਰਵਾਏ "ਤੀਆਂ ਦੇ ਮੇਲੇ" ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ।
ਡਾ: ਕਮਲਦੀਪ ਸ਼ਰਮਾ ਨੇ ਕਿਹਾ ਕਿ ਸਭ ਤੋਂ ਨੇੜੇ ਦਾ ਰਿਸ਼ਤਾ ਮਾਵਾਂ ਤੇ ਧੀਆਂ ਦਾ ਰਿਸ਼ਤਾ ਹੁੰਦਾ ਹੈ। ਸਾਡੇ ਲੋਕ ਗੀਤਾਂ ਤੇ ਬੋਲੀਆਂ ਵਿੱਚੋਂ ਇਸ ਰਿਸ਼ਤੇ ਦੀ ਮਹਿਕ ਆਉਂਦੀ ਹੈ। ਜਦੋਂ ਧੀਆਂ ਦਾ ਵਿਛੋੜਾ ਪੈਂਦਾ ਹੈ ਤਾਂ ਸਭ ਤੋਂ ਵੱਧ ਸੱਟ ਮਾਵਾਂ ਨੂੰ ਹੀ ਵੱਜਦੀ ਹੈ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ਉੱਤੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਪਰ ਧੀਆਂ ਦੀ ਤਰੱਕੀ ਵਿੱਚ ਸਭ ਤੋਂ ਅਹਿਮ ਰੋਲ ਮਾਵਾਂ ਦਾ ਹੀ ਹੈ।
ਮੁੱਖ ਮਹਿਮਾਨ ਨੇ ਕਿਹਾ ਕਿ ਇਹ ਮੇਲਾ ਐਨੇ ਵਧੀਆ ਤਰੀਕੇ ਨਾਲ ਉਲੀਕਿਆ ਗਿਆ ਹੈ ਕਿ ਇੱਥੇ ਧੀਆਂ-ਭੈਣਾਂ ਵੱਡੀ ਗਿਣਤੀ ਵਿੱਚ ਆਈਆਂ ਹਨ। ਉਹਨਾਂ ਕਿਹਾ ਕਿ ਸਮਾਜ ਲਗਾਤਾਰ ਤਰੱਕੀ ਕਰ ਰਿਹਾ ਹੈ ਤੇ ਅੱਜ ਪੰਜਾਬ ਵਿੱਚ ਵੱਡੀ ਗਿਣਤੀ ਮਹਿਲਾ ਅਫ਼ਸਰ ਤਾਇਨਾਤ ਹਨ, ਜਿਹੜੀ ਕਿ ਮਾਣ ਵਾਲੀ ਗੱਲ ਹੈ।
ਤੀਆਂ ਸਾਡੇ ਸੱਭਿਆਚਾਰ ਸਦੀਆਂ ਪੁਰਾਣਾ ਤਿਉਹਾਰ ਹੈ ਪਰ ਪਿਛਲੇ ਕੁਝ ਸਮੇਂ ਤੋਂ ਲੋਕ ਇਸ ਤੋਂ ਦੂਰ ਹੋ ਰਹੇ ਸਨ। ਪਰ ਹੁਣ ਥੋੜ੍ਹੇ ਸਮੇਂ ਤੋਂ ਪੰਜਾਬ ਸਰਕਾਰ ਨੇ ਇਹ ਨਿਵੇਕਲਾ ਉਪਰਲਾ ਕੀਤਾ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਮੁੜ ਆਪਣੇ ਅਮੀਰ ਵਿਰਸੇ ਨਾਲ ਜੁੜ ਰਹੀ ਹੈ। ਪੁਰਾਣੇ ਸਮੇਂ ਵਿੱਚ ਦੂਰ ਦੁਰਾਡੇ ਵਿਆਹੀਆਂ ਧੀਆਂ ਵਾਪਿਸ ਪੇਕੇ ਆਉਂਦੀਆਂ ਸਨ ਤੇ ਤੀਆਂ ਮਨਾਉਂਦੀਆਂ ਸਨ। ਹੁਣ ਸਾਡੀਆਂ ਧੀਆਂ ਭੈਣਾਂ ਵਿਦੇਸ਼ਾਂ ਵਿੱਚ ਜਾਂਦੀਆਂ ਹਨ ਤੇ ਉਹਨਾਂ ਨੂੰ ਤੀਆਂ ਵੇਲੇ ਜ਼ਰੂਰ ਪੰਜਾਬ ਆ ਕੇ ਅਜਿਹੇ ਮੇਲਿਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
ਮੇਲੇ ਦੌਰਾਨ ਵੱਖ-ਵੱਖ ਪੰਜਾਬੀ ਵੰਨਗੀਆਂ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਜ਼ਿਲ੍ਹੇ ਦੀਆਂ ਮੁਟਿਆਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਆਮ ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਕੀਤੇ ਇਸ ਉਪਰਾਲੇ ਦਾ ਨੌਜਵਾਨਾਂ ਨੂੰ ਕਾਫੀ ਲਾਭ ਹੋਵੇਗਾ ਅਤੇ ਉਹ ਆਪਣੇ ਅਮੀਰ ਸੱਭਿਆਚਾਰ ਬਾਰੇ ਜਾਗਰੂਕ ਹੋਣਗੇ। ਲੋਕਾਂ ਨੇ ਇਹ ਵੀ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲੇ ਅਜਿਹੇ ਪ੍ਰੋਗਰਾਮ ਹੋਰ ਵੀ ਕਰਵਾਏ ਜਾਣੇ ਚਾਹੀਦੇ ਹਨ।
ਇਸ ਮੌਕੇ ਜ਼ਿਲ੍ਹਾ ਸਮਾਜਕ ਸੁਰੱਖਿਆ ਅਫ਼ਸਰ ਡਾ. ਲਵਲੀਨ ਬੜਿੰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਜ਼ਿਲ੍ਹਾ ਵਾਸੀ ਹਾਜ਼ਰ ਸਨ।