ਮਾਨ ਸਰਕਾਰ ਦਲਿਤਾਂ ਨੂੰ ਭਲਾਈ ਸਕੀਮਾਂ ਤੋਂ ਕਰ ਰਹੀ ਦੂਰ ਦਾਮਨ ਬਾਜਵਾ
ਸੁਨਾਮ : ਭਾਰਤੀ ਜਨਤਾ ਪਾਰਟੀ ਵੱਲੋਂ ਸੁਨਾਮ ਨੇੜਲੇ ਦਿੜ੍ਹਬਾ ਵਿਧਾਨ ਸਭਾ ਹਲਕੇ ਦੇ ਵੱਡੇ ਪਿੰਡ ਛਾਜਲੀ ਵਿਖੇ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਦੇਣ ਲਈ ਲਾਏ ਜਾਣ ਵਾਲੇ ਕੈਂਪ ਨੂੰ ਪੁਲਿਸ ਪ੍ਰਸ਼ਾਸਨ ਨੇ ਰੋਕ ਦਿੱਤਾ ਪ੍ਰਸ਼ਾਸਨਿਕ ਅਧਿਕਾਰੀ ਕੈਂਪ ਲਈ ਪਹਿਲਾਂ ਤੋਂ ਇਜਾਜ਼ਤ ਨਾ ਹੋਣ ਦਾ ਹਵਾਲਾ ਦੇ ਰਹੇ ਹਨ। ਪ੍ਰਸ਼ਾਸਨ ਦਾ ਤਰਕ ਹੈ ਕਿ ਇਹ ਜਨਤਕ ਪ੍ਰੋਗਰਾਮਾਂ ਨੂੰ ਚਲਾਉਣ ਲਈ ਅਗਾਊਂ ਪ੍ਰਵਾਨਗੀ ਲੈਣੀ ਲਾਜ਼ਮੀ ਪ੍ਰੀਕਿਰਿਆ ਹੈ। ਲੋਕ ਭਲਾਈ ਸਕੀਮਾਂ ਦੇ ਫ਼ਾਰਮ ਭਰਨ ਲਈ ਲਾਏ ਜਾਣ ਵਾਲੇ ਕੈਂਪ ਨੂੰ ਰੋਕਣ 'ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕਰਦਿਆਂ ਭਾਜਪਾ ਜ਼ਿਲ੍ਹਾ ਸੰਗਰੂਰ -2 ਦੇ ਪ੍ਰਧਾਨ ਦਾਮਨ ਬਾਜਵਾ ਨੇ ਦੋਸ਼ ਲਗਾਇਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਅਨੁਸੂਚਿਤ ਜਾਤੀ ਵਰਗ ਨੂੰ ਹੱਕਾਂ ਤੋਂ ਵਿਰਵੇ ਰੱਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਦਲਿਤਾਂ ਦੀ ਭਲਾਈ ਲਈ ਕਾਰਜ਼ ਕਰ ਰਹੀ ਹੈ ਪਰੰਤੂ ਪੰਜਾਬ ਸਰਕਾਰ ਇਸਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕੈਂਪ ਸਿਰਫ਼ ਸਮਾਜ ਭਲਾਈ ਦੇ ਉਦੇਸ਼ ਲਈ ਸਥਾਪਤ ਕੀਤਾ ਗਿਆ ਸੀ ਤਾਂ ਜੋ ਯੋਜਨਾਵਾਂ ਦੇ ਲਾਭ ਸਿੱਧੇ ਲਾਭਪਾਤਰੀਆਂ ਤੱਕ ਪਹੁੰਚ ਸਕਣ। ਉਨ੍ਹਾਂ ਆਖਿਆ ਕਿ ਬਿਨਾਂ ਕਿਸੇ ਲਿਖਤੀ ਹੁਕਮਾਂ ਤੋਂ ਲੋਕ ਭਲਾਈ ਕੈਂਪ ਨੂੰ ਰੋਕਣਾ ਮੰਦਭਾਗਾ ਅਤੇ ਪੱਖਪਾਤੀ ਹੈ। ਉਨ੍ਹਾਂ ਇਸ ਨੂੰ ਲੋਕਤੰਤਰੀ ਅਧਿਕਾਰਾਂ ਦੀ ਉਲੰਘਣਾ ਦੱਸਦਿਆਂ ਵਿਰੋਧ ਕੀਤਾ ਅਤੇ ਕਿਹਾ ਕਿ ਉਹ ਇਸ ਮੁੱਦੇ ਨੂੰ ਸੂਬਾ ਪੱਧਰ 'ਤੇ ਉਠਾਉਣਗੇ। ਦਾਮਨ ਬਾਜਵਾ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਮੋਦੀ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਦਲਿਤ ਅਤੇ ਹੋਰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਣ ਲਈ ਭਾਜਪਾ ਆਗੂ ਆਪਣੇ ਘਰਾਂ ਅਤੇ ਭਾਜਪਾ ਦਫ਼ਤਰਾਂ ਵਿੱਚ ਕੈਂਪ ਲਗਾਉਣੇ ਪੈਣਗੇ। ਇਸ ਮੌਕੇ ਰਿਸ਼ੀ ਪਾਲ ਖੇਰਾ, ਜਗਪਾਲ ਸਿੰਘ ਗੰਢੂਆਂ, ਅੰਮ੍ਰਿਤ ਰਾਜਦੀਪ ਸਿੰਘ ਚੱਠਾ ਸਮੇਤ ਹੋਰ ਆਗੂ ਹਾਜ਼ਰ ਸਨ।