ਘਨੌਰ : ਡੌਨ ਬੋਸਕੋ ਨਵਜੀਵਨ ਸੋਸਾਇਟੀ, ਘਨੌਰ ਵੱਲੋਂ ਪਿੰਡ ਅਜਰਾਵਰ ਵਿੱਚ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮਹਿਲਾ ਕਿਸਾਨਾਂ ਨੂੰ ਆਰਗੈਨਿਕ ਕਿਚਨ ਗਾਰਡਨਿੰਗ ਟੂਲਕਿਟਾਂ ਅਤੇ ਸੌਜਣਾ (ਸੇਜਣ) ਤੇ ਆਂਵਲੇ ਦੇ ਪੌਦੇ ਵੰਡੇ ਗਏ। ਆਂਵਲੇ ਦੇ ਪੌਦੇ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਅਤੇ ਸੌਜਣਾ ਦੇ ਪੌਦੇ ਵਨ ਵਿਭਾਗ ਰਾਜਪੁਰਾ ਦੀ ਸਹਾਇਤਾ ਨਾਲ ਉਪਲਬਧ ਕਰਵਾਏ ਗਏ।
ਇਸ ਮੁਹਿੰਮ ਦਾ ਮੁੱਖ ਉਦੇਸ਼ ਮਹਿਲਾਵਾਂ ਵਿੱਚ ਆਰਗੈਨਿਕ ਖੇਤੀ ਪ੍ਰਤੀ ਰੁਝਾਨ ਵਧਾਉਣਾ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣਾ ਹੈ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਫਾਦਰ ਕੇਜਸ, ਡਾਇਰੈਕਟਰ ਸੈਂਟ ਪੌਲ ਸਕੂਲ, ਅਤੇ ਡਾ. ਅਭਿਨਵ ਕੌਸ਼ਲ (MBBS), ਹੈਡ ਮੈਡੀਕਲ ਟੀਮ ਡੌਨ ਬੋਸਕੋ ਘਨੌਰ ਨੇ ਸ਼ਿਰਕਤ ਕੀਤੀ। ਡੌਨ ਬੋਸਕੋ ਟੀਮ ਘਨੌਰ ਨੇ ਮਹਿਲਾਵਾਂ ਨੂੰ ਆਰਗੈਨਿਕ ਖੇਤੀ ਦੇ ਫਾਇਦੇ, ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ, ਰੁੱਖ ਲਗਾਉਣ ਅਤੇ ਜੰਗਲ ਸੰਰੱਖਣ ਦੀ ਮਹੱਤਤਾ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਫਾਦਰ ਰੇਜੀ ਟੌਮ, ਡਾਇਰੈਕਟਰ ਡੌਨ ਬੋਸਕੋ ਨਵਜੀਵਨ ਸੋਸਾਇਟੀ ਘਨੌਰ, ਨੇ ਆਪਣੇ ਸੰਦੇਸ਼ ਵਿੱਚ ਕਿਹਾ “ਆਰਗੈਨਿਕ ਫੂਡ ਹੀ ਸਿਹਤਮੰਦ ਜੀਵਨ ਦੀ ਨੀਂਹ ਹੈ। ਇਹ ਸਾਡੀ ਰੋਜ਼ਾਨਾ ਖੁਰਾਕ ਨੂੰ ਪੋਸ਼ਣ ਭਰਪੂਰ ਬਣਾਉਂਦਾ ਹੈ ਅਤੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਜਦੋਂ ਅਸੀਂ ਆਰਗੈਨਿਕ ਖੇਤੀ ਨੂੰ ਅਪਣਾਵਾਂਗੇ, ਤਾਂ ਸਾਡਾ ਭਵਿੱਖ ਵੀ ਸੁਰੱਖਿਅਤ ਅਤੇ ਤੰਦਰੁਸਤ ਰਹੇਗਾ।”