ਕੁਰਾਲੀ : ਰਿਆਤ ਬਾਹਰਾ ਯੂਨੀਵਰਸਿਟੀ ਦੀ ਕੇਂਦਰੀ ਲਾਇਬ੍ਰੇਰੀ ਵੱਲੋਂ ਪਦਮਸ਼੍ਰੀ ਡਾ. ਐਸ. ਆਰ. ਰੰਗਨਾਥਨ ਦੇ ਜਨਮ ਦਿਵਸ ਨੂੰ ਯਾਦਗਾਰ ਬਣਾਉਂਦੇ ਹੋਏ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਡਾ. ਰੰਗਨਾਥਨ ਨੂੰ ਭਾਰਤ ਵਿੱਚ ਲਾਇਬ੍ਰੇਰੀ ਵਿਗਿਆਨ ਦਾ ਪਿਤਾਮਾ ਮੰਨਿਆ ਜਾਂਦਾ ਹੈ। ਸਮਾਰੋਹ ਦੀ ਸ਼ੁਰੂਆਤ ਉਨ੍ਹਾਂ ਦੀ ਤਸਵੀਰ ਅੱਗੇ ਫੁੱਲ ਭੇਟ ਕਰਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਲਾਇਬ੍ਰੇਰੀ ਵਿਗਿਆਨ ਵਿੱਚ ਕੀਤੇ ਮਹੱਤਵਪੂਰਨ ਯੋਗਦਾਨਾਂ ਜਿਵੇਂ ਕਿ ਪੰਜ ਨਿਯਮ ਅਤੇ ਕੋਲਨ ਵਰਗੀਕਰਣ ਪ੍ਰਣਾਲੀ ਨੂੰ ਯਾਦ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਡੀਨ, ਵਿਭਾਗ ਮੁਖੀ, ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਲਾਇਬ੍ਰੇਰੀ ਸਟਾਫ਼ ਨੇ ਵਧ-ਚੜ੍ਹ ਕੇ ਭਾਗ ਲਿਆ। ਇਸ ਦੌਰਾਨ ਕਿਤਾਬਾਂ ਦੀ ਪ੍ਰਦਰਸ਼ਨੀ ਅਤੇ ਡਿਜੀਟਲ ਸਰੋਤਾਂ ’ਤੇ ਇਕ ਇੰਟਰਐਕਟਿਵ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਸੈਂਟਰਲ ਲਾਇਬ੍ਰੇਰੀ ਦੀ ਲਾਇਬ੍ਰੇਰੀਅਨ ਪ੍ਰੋ. ਸਾਕਸ਼ੀ ਬਹਿਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਡਾ. ਰੰਗਨਾਥਨ ਨੇ ਲਾਇਬ੍ਰੇਰੀ ਵਿਗਿਆਨ ਨੂੰ ਇੱਕ ਮਾਨਤਾ ਪ੍ਰਾਪਤ ਅਕਾਦਮਿਕ ਵਿਸ਼ੇ ਵਜੋਂ ਸਥਾਪਿਤ ਕਰਨ ਵਿੱਚ ਅਨਮੋਲ ਭੂਮਿਕਾ ਨਿਭਾਈ। ਉਨ੍ਹਾਂ ਦੀ ਦੂਰਦਰਸ਼ੀ ਸੋਚ ਨੇ ਆਧੁਨਿਕ ਲਾਇਬ੍ਰੇਰੀਅਨਸ਼ਿਪ ਦੀ ਨੀਂਹ ਰੱਖੀ। ਰਿਆਤ ਬਾਹਰਾ ਯੂਨੀਵਰਸਿਟੀ ਦੇ ਪ੍ਰੋ ਵਾਈਸ-ਚਾਂਸਲਰ ਪ੍ਰੋ. (ਡਾ.) ਐਸ. ਕੇ. ਬਾਂਸਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਲਾਇਬ੍ਰੇਰੀਆਂ ਗਿਆਨ ਦੇ ਕੇਂਦਰ ਵਜੋਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਉਨ੍ਹਾਂ ਨੇ ਲਾਇਬ੍ਰੇਰੀ ਸਟਾਫ਼ ਨੂੰ ਸਮਰਪਣ ਨਾਲ ਕੰਮ ਕਰਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀ ਇਹ ਯਾਤਰਾ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।