ਖਨੌਰੀ : ਕਿਰਤੀ ਕਿਸਾਨ ਯੂਨੀਅਨ ਦੀ ਬਲਾਕ ਪਾਤੜਾਂ ਇਕਾਈ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿਖੇ ਇੱਕ ਕਨਵੈਨਸ਼ਨ ਕਰਵਾਈ ਗਈ। ਇਸ ਕਨਵੈਨਸ਼ਨ ਵਿੱਚ ਯੂਨੀਅਨ ਦੇ ਸੂਬਾਈ ਪ੍ਰੈਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਕਨਵੈਨਸ਼ਨ ਦੌਰਾਨ 24 ਅਗਸਤ ਨੂੰ ਸਮਰਾਲਾ ਵਿਖੇ ਹੋਣ ਵਾਲੀ 'ਵਿਜੇ ਰੈਲੀ' ਦੀਆਂ ਤਿਆਰੀਆਂ, ਸਮਾਰਟ ਚਿੱਪ ਮੀਟਰਾਂ ਅਤੇ ਮੁਫਤ ਵਪਾਰ ਸਮਝੌਤੇ ਵਰਗੇ ਮੁੱਦਿਆਂ 'ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਸੂਬਾਈ ਆਗੂ ਰਮਿੰਦਰ ਸਿੰਘ ਪਟਿਆਲਾ, ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਦੇਧਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ 14 ਮਈ ਦੀ ਲੈਂਡ ਪੂਲਿੰਗ ਨੀਤੀ, ਜਿਸ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦਾ ਸੰਯੁਕਤ ਕਿਸਾਨ ਮੋਰਚੇ ਨੇ ਜ਼ੋਰਦਾਰ ਵਿਰੋਧ ਕੀਤਾ ਸੀ। ਇਸ ਵਿਰੋਧ ਦੇ ਪ੍ਰਭਾਵ ਨਾਲ ਸਿਆਸੀ ਪਾਰਟੀਆਂ ਨੂੰ ਵੀ ਇਸ ਨੀਤੀ ਦਾ ਵਿਰੋਧ ਕਰਨ ਲਈ ਮਜਬੂਰ ਹੋਣਾ ਪਿਆ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 30 ਜੁਲਾਈ ਨੂੰ ਪੰਜਾਬ ਭਰ ਵਿੱਚ ਟਰੈਕਟਰ ਮਾਰਚ ਕੀਤੇ ਗਏ ਅਤੇ 24 ਅਗਸਤ ਨੂੰ ਸਮਰਾਲਾ ਮੰਡੀ ਵਿੱਚ ਮਹਾਂ ਪੰਚਾਇਤ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨਾਂ ਦੇ ਦਬਾਅ ਕਾਰਨ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਇਸ ਜਿੱਤ ਦੇ ਮੱਦੇਨਜ਼ਰ 24 ਅਗਸਤ ਦੀ ਮਹਾਂ ਪੰਚਾਇਤ ਨੂੰ 'ਵਿਜੇ ਰੈਲੀ' ਵਿੱਚ ਬਦਲਣ ਦਾ ਫੈਸਲਾ ਕੀਤਾ ਗਿਆ ਹੈ।
ਜ਼ਿਲ੍ਹਾ ਸਕੱਤਰ ਦਲਜਿੰਦਰ ਸਿੰਘ ਹਰਿਆਊ ਅਤੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਪਾਤੜਾਂ ਨੇ ਕਿਹਾ ਕਿ ਇਸ ਰੈਲੀ ਵਿੱਚ ਬਲਾਕ ਦੇ ਹਰ ਪਿੰਡ ਤੋਂ ਬੱਸਾਂ ਅਤੇ ਗੱਡੀਆਂ ਰਾਹੀਂ ਕਿਸਾਨਾਂ ਦੀ ਭਰਵੀਂ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਦੇ ਬਿਆਨਾਂ ਦੇ ਉਲਟ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਸਮਾਰਟ ਚਿੱਪ ਮੀਟਰਾਂ ਨੂੰ ਪ੍ਰੀਪੇਡ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਇਸ ਦਾ ਵਿਰੋਧ ਕਰਦਾ ਹੈ ਅਤੇ ਕਿਰਤੀ ਕਿਸਾਨ ਯੂਨੀਅਨ ਖਪਤਕਾਰਾਂ ਦੀ ਇਸ ਲੁੱਟ ਨੂੰ ਰੋਕੇਗੀ ਅਤੇ ਨਾਲ ਹੀ, ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਆਗੂਆਂ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਹੋਣ ਵਾਲੇ ਮੁਫਤ ਵਪਾਰ ਸਮਝੌਤੇ 'ਤੇ ਵੀ ਗੰਭੀਰ ਚਿੰਤਾ ਜ਼ਾਹਰ ਕੀਤੀ ਅਤੇ ਇਸ ਦਾ ਸਖਤ ਵਿਰੋਧ ਕਰਨ ਦਾ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਗਿੱਲ ਕਾਕੜਾ, ਜ਼ਿਲ੍ਹਾ ਆਗੂ ਰਘਵੀਰ ਸਿੰਘ ਨਿਆਲ, ਬਲਾਕ ਆਗੂ ਮਹਿੰਦਰ ਸਿੰਘ ਖਾਂਗ, ਗਗਨਦੀਪ ਸਿੰਘ ਚੁਨਾਗਰਾ, ਜੋਗਿੰਦਰ ਸਿੰਘ ਦੇਧਨਾ, ਗੁਰਮੇਲ ਖਾਂਗ, ਰਾਮ ਸਿੰਘ, ਗੁਰਜੰਟ ਕਾਲੀ, ਸੋਨੂੰ ਵਿਰਕ ਹਰਿਆਊ, ਜਗਤਾਰ ਸਿੰਘ ਪਾਤੜਾਂ, ਮੇਵਾ ਸਿੰਘ,ਗੁਰਜੰਟ ਸਿੰਘ, ਧਰਮਾ ਚੌਧਰੀ, ਹਰਪਾਲ ਸਿੰਘ, ਕੁਲਦੀਪ ਸਰਪੰਚ, ਸ਼ਿਵ ਕੁਮਾਰ ਖਾਂਗ, ਪਿਆਰਾ ਸਿੰਘ ਦੇਧਨਾ, ਹਰਦੀਪ ਸਿੰਘ ਖਾਂਗ, ਸਾਧਾ ਸਿੰਘ ਪਾਤੜਾਂ, ਸੁਰਜੀਤ ਸਿੰਘ ਭੋਲਾ ਅਤੇ ਦੀਪ ਦਿਓਲ ਆਦਿ ਹਾਜ਼ਰ ਸਨ।