ਪਟਿਆਲਾ : ਸਿਵਲ ਸਰਜਨ ਪਟਿਆਲਾ ਡਾ· ਜਗਪਾਲਇੰਦਰ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਟਿਆਲਾ ਜਿਲ੍ਹੇ ਵਿੱਚ ਪੈਂਦੇ ਹੌਟਸਪੌਟ ਏਰੀਆਜ਼ ਅਤੇ ਸਲੱਮ ਏਰੀਆ ਵਿੱਚ ਡੇਂਗੂ ਵਿਰੋਧੀ ਡਰਾਈ ਡੇਅ ਗਤੀਵਿਧੀਆਂ ਕੀਤੀਆਂ ਗਈਆਂ।
ਇਸ ਦੌਰਾਨ ਗਾਂਧੀ ਨਗਰ, ਡੋਗਰਾ ਮੁਹੱਲਾ, ਤਫੱਜਲਪੁਰਾ ਬੰਨ੍ਹਾਂ ਰੋਡ, ਰੋਜ਼ ਕਲੋਨੀ, ਜਗਦੀਸ਼ ਕਲੋਨੀ, ਰਾਜਪੁਰਾ ਚੁੰਗੀ ਰੋੜ ਕੁੱਟ ਮੁਹੱਲਾ, ਸੰਜੇ ਕਲੋਨੀ, ਪ੍ਰਤਾਪ ਨਗਰ, ਕਾਕਾ ਕਲੋਨੀ, ਬਡੂੰਗਰ, ਸਿਕਲੀਗਰ ਬਸਤੀ (ਥਾਪਰ ਕਾਲਜ ਦੇ ਪਿਛਲੇ ਪਾਸੇ), ਧੀਰੂ ਕੀ ਮਾਜਰੀ, ਤ੍ਰਿਪੜੀ ਨੇੜੇ ਸਥਿਤ ਇੰਦਰਾ ਕਲੋਨੀ ਦੇ ਘਰਾਂ ਵਿੱਚ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਕਈ ਥਾਵਾਂ ਉੱਤੇ ਮਿਲਿਆ ਲਾਰਵਾ ਮੌਕੇ ਉੱਤੇ ਹੀ ਨਸ਼ਟ ਕਰਵਾਇਆ ਗਿਆ।
ਮੀਂਹ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਸਰਜਨ ਡਾ· ਜਗਪਾਲਇੰਦਰ ਸਿੰਘ ਵੱਲੋਂ ਸਮੂਹ ਪਟਿਆਲਾ ਵਾਸੀਆਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਆਪਣੇ ਘਰਾਂ ਵਾਂਗ ਹੀ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਤੇ ਘਰਾਂ ਦੇ ਅੰਦਰ ਪਈਆਂ ਖਾਲੀ ਚੀਜ਼ਾਂ ਵਿੱਚ ਪਾਣੀ ਇੱਕਠਾ ਨਾ ਹੋਣ ਦੇਣ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਫਾਰਮੇਸੀ ਸਟੂਡੈਂਟਸ, ਇਨਟਰਨਜ਼, ਨਰਸਿੰਗ ਸਟੂਡੈਂਟਸ, ਆਸ਼ਾ ਵਰਕਰਾਂ , ਵਿਲੇਜ ਹੈਲਥ ਕਮੇਟੀਆਂ ਦੇ ਮੈਂਬਰਾਂ ਦੇ ਨਾਲ ਨਾਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਨੁਮਾਇੰਦਿਆਂ ਦੀ ਮਦਦ ਲਈ ਜਾ ਰਹੀ ਹੈ।
ਜਿਲ੍ਹਾ ਐਪੀਡੇਮੌਲੋਜਿਸਟ ਡਾ·ਸੁਮਿਤ ਸਿੰਘ ਨੇ ਆਖਿਆ ਕਿ ਇਸ ਵਾਰ ਬਰਸਾਤ ਦਾ ਮੌਸਮ ਜਲਦ ਸ਼ੁਰੂ ਹੋਣ ਅਤੇ ਵਾਰ-ਵਾਰ ਹੋ ਰਹੀ ਬਰਸਾਤ ਕਾਰਨ ਡੇਂਗੂ ਦਾ ਲਾਰਵਾ ਵੱਧ ਤਾਦਾਦ ਵਿੱਚ ਮਿਲ ਰਿਹਾ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਿਆ ਜਾਵੇ ਤੇ ਘਰਾਂ ਦੇ ਨੇੜੇ ਤੇੜੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ। ਉਨ੍ਹਾਂ ਇਹ ਵੀ ਆਖਿਆ ਕਿ ਜਿੱਥੇ ਕਿਤੇ ਵੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲਾਰਵਾ ਮਿਲ ਰਿਹਾ ਹੈ ਉਸ ਨੂੰ ਮੌਕੇ ਉੱਤੇ ਹੀ ਨਸ਼ਟ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖੜ੍ਹੇ ਪਾਣੀ ਉੱਤੇ ਵੀ ਲਾਰਵੀਸਾਈਡ ਦਾ ਸਪਰੇਅ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵਾਰੀ ਸਮੁੱਚੇ ਪਟਿਆਲਾ ਜਿਲ੍ਹੇ ਵਿੱਚ ਹੁਣ ਤੱਕ 33 ਡੇਂਗੂ ਦੇ ਕੇਸ ਪਾਏ ਗਏ ਹਨ। ਉਹਨਾਂ ਤੇਜ਼ ਬੁਖਾਰ ਅਤੇ ਬਦਨ ਦਰਦ ਦੀ ਸ਼ਿਕਾਇਤ ਹੋਣ ਤੇ ਡੇਂਗੂ ਜਾਂਚ ਕਰਵਾਉਣ ਦੀ ਸਲਾਹ ਦਿੱਤੀ।
ਡੇਂਗੂ ਵਿਰੋਧੀ ਚਲਾਏ ਡਰਾਈ ਡੇਅ ਅਭਿਆਨ ਅਧੀਨ ਸਟਾਫ ਦੀਆਂ ਟੀਮਾਂ, ਨਰਸਿੰਗ ਸਟਾਫ, ਵੀਐਚਐਨਸੀ ਮੈੱਬਰਾਂ ਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਇਸ ਹਫਤੇ ਜਿਲ੍ਹੇ ਭਰ ਦੇ 41103 ਘਰਾਂ ਵਿਚ ਪਹੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 449 ਥਾਂਵਾ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਡਰਾਈ ਡੇਅ ਮੁਹਿੰਮ ਤਹਿਤ 587908 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਹਨਾਂ ਵਿੱਚ 3655 ਥਾਂਵਾ ਤੇ ਮਿਲੇ ਲਾਰਵਾ ਮਿਲਿਆ ਜਿਸ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ ਅਤੇ ਸਬੰਧਿਤ ਪਰਿਵਾਰਾਂ ਨੂੰ ਅਗਾਂਹ ਲਈ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।