ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਉੱਘੇ ਲੋਕਧਾਰਾ ਸ਼ਾਸਤਰੀ ਡਾ. ਨਾਹਰ ਸਿੰਘ ਦਾ ‘ਮਲਵਈ ਗਿੱਧਾ: ਪਿੜ ਤੋਂ ਮੰਚ ਤੱਕ’ ਵਿਸ਼ੇ 'ਤੇ ਭਾਸ਼ਣ ਕਰਵਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਦੇ ਸਵਾਗਤੀ ਸ਼ਬਦਾਂ ਨਾਲ਼ ਹੋਇਆ। ਉਨ੍ਹਾਂ ਡਾ. ਨਾਹਰ ਸਿੰਘ ਨਾਲ ਜਾਣ-ਪਛਾਣ ਕਰਾਉਂਦਿਆਂ ਉਨ੍ਹਾਂ ਦੀ ਪੰਜਾਬੀ ਯੂਨੀਵਰਸਿਟੀ ਨਾਲ਼ ਪਿਛਲੇ ਚਾਰ ਦਹਾਕਿਆਂ ਦੀ ਸਾਂਝ ਬਾਰੇ ਚਾਨਣਾ ਪਾਇਆ।
ਡਾ. ਨਾਹਰ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਮਲਵਈ ਗਿੱਧੇ ਦੇ ਇਤਿਹਾਸ ਅਤੇ ਵਿਕਾਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਕਿਵੇਂ ਉਤਪਾਦਨ ਪ੍ਰਕਿਰਿਆ ਦੇ ਬਦਲਣ ਨਾਲ ਸੱਭਿਆਚਾਰਕ ਸਿਰਜਨਾਵਾਂ ਅਲੋਪ ਅਤੇ ਬਦਲਾਅ ਦੀ ਪ੍ਰਕਿਰਿਆ ਵਿੱਚੋਂ ਲੰਘ ਕੇ ਪੁਨਰ-ਜੀਵਿਤ ਹੁੰਦੀਆਂ ਰਹਿੰਦੀਆਂ ਹਨ। ਡਾ. ਨਾਹਰ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀਆਂ ਮਾਲਵੇ ਦੇ ਲੋਕ-ਕਾਵਿ ਦੇ ਇਕੱਤਰੀਕਰਨ ਤੇ ਅਧਿਐਨ-ਮੁਲਾਂਕਣ ਨਾਲ਼ ਸਬੰਧਤ ਗਿਆਰਾਂ ਜਿਲਦਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਪ੍ਰੋ. ਸੁਰਜੀਤ ਸਿੰਘ ਨੇ ਡਾ. ਨਾਹਰ ਸਿੰਘ ਦੀ ਸ਼ਖ਼ਸੀਅਤ ਅਤੇ ਪੰਜਾਬੀ ਲੋਕਧਾਰਾ-ਸ਼ਾਸਤਰ ਨੂੰ ਮਹੱਤਵਪੂਰਨ ਦੇਣ ਬਾਰੇ ਚਰਚਾ ਕੀਤੀ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਤੇ ਮੁਖੀ ਡਾ. ਯੋਗਰਾਜ ਅੰਗਰਿਸ਼ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਨਾਹਰ ਸਿੰਘ ਦੇ ਅਕਾਦਮਿਕ ਖੇਤਰ ਅਤੇ ਯੂਨੀਵਰਸਿਟੀ ਨਾਲ ਜੁੜੀਆਂ ਯਾਦਾਂ ਤਾਜ਼ੀਆਂ ਕੀਤੀਆਂ।
ਸਮਾਗਮ ਦੇ ਅਖ਼ੀਰ ਵਿੱਚ ਪ੍ਰੋ. ਗੁਰਮੁਖ ਸਿੰਘ ਨੇ ਡਾ. ਨਾਹਰ ਸਿੰਘ ਦੇ ਅਧਿਐਨ ਕਾਰਜ ਦੇ ਪੰਜਾਬ ਤੇ ਪੰਜਾਬੀਅਤ ਨੂੰ ਜਾਣਨ ਤੇ ਸਮਝਣ ਵਿੱਚ ਮਹੱਤਵ ਨੂੰ ਦਰਸਾਇਆ ਅਤੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਗੁਰਸੇਵਕ ਸਿੰਘ ਲੰਬੀ ਵੱਲੋਂ ਕੀਤਾ ਗਿਆ।
ਸਮਾਗਮ ਵਿਚ ਡਾ. ਰਾਜਵਿੰਦਰ ਸਿੰਘ, ਡਾ. ਰਾਜਮਹਿੰਦਰ ਕੌਰ, ਡਾ. ਸ਼ਮਸ਼ੇਰ ਸਿੰਘ, ਡਾ. ਕੁਲਦੀਪ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਗਿੰਦਰ ਸਿੰਘ, ਡਾ. ਸਰਬਜੀਤ ਕੌਰ ਅਤੇ ਡਾ. ਰਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਸਨ।