ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਭਾਰਤ ਸਰਕਾਰ ਵੱਲੋਂ 15ਵੇਂ ਭਾਰਤੀ ਅੰਗ ਦਾਨ ਦਿਵਸ ਮੌਕੇ " ਮ੍ਰਿਤੂ ਉਪਰੰਤ ਅੰਗਦਾਨ ਵਿੱਚ ਉਭਰਦੇ ਰਾਜ" ਵਜੋਂ ਸਨਮਾਨਿਤ ਕੀਤੇ ਜਾਣ ਬਾਅਦ, ਸੂਬੇ ਦੇ ਲੋਕਾਂ ਵਿੱਚ ਅੰਗਦਾਨ ਮੁਹਿੰਮ ਨੂੰ ਉਤਸ਼ਾਹ ਦੇਣ ਹਿਤ ਅੱਜ ਰਾਜ ਦੇ ਵੱਖ-ਵੱਖ ਸਕੂਲਾਂ ਵਿੱਚ ਅੰਗ ਦਾਨ ਸਬੰਧੀ ਜਾਗਰੂਕਤਾ ਭਾਸ਼ਣ ਕਰਵਾਏ ਗਏ। ਸਮੂਹ ਸਿੱਖਿਆ ਅਧਿਕਾਰੀਆਂ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਅੰਗ ਦਾਨ ਕਰਨ ਦਾ ਪ੍ਰਣ ਲਿਆ।
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਇਸ ਮੁਹਿੰਮ ਨੂੰ ਪੰਜਾਬ ਭਰ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਸੰਸਥਾ ਦੇ ਡਾਇਰੈਕਟਰ ਕਿਰਨ ਸ਼ਰਮਾ ਨੇ ਦੱਸਿਆ ਕਿ ਸਮੂਹ ਸਿੱਖਿਆ ਸੰਸਥਾਵਾਂ, ਜ਼ਿਲਾ ਸਿੱਖਿਆ ਦਫਤਰਾਂ ਅਤੇ ਸਕੂਲਾਂ ਨੂੰ ਅਪੀਲ ਕੀਤੀ ਗਈ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ਅੰਗਦਾਨ ਦੇ ਖੇਤਰ ਚ ਮਿਲੇ ਸਨਮਾਨ ਤੋਂ ਬਾਅਦ, ਇਸ ਮਹੱਤਵਪੂਰਨ ਉਪਲਬਧੀ ਨੂੰ ਹੋਰ ਮਜ਼ਬੂਤ ਕਰਨ ਲਈ ਅੰਗ ਦਾਨ ਕਰਨ ਦਾ ਪ੍ਰਣ ਲਿਆ ਜਾਵੇ। ਉਨ੍ਹਾਂ ਕਿਹਾ ਕਿ ਇੱਕ ਮਹੱਤਵਪੂਰਨ ਅਤੇ ਜ਼ਿੰਦਗੀ ਬਚਾਉਣ ਵਾਲਾ ਉਪਰਾਲਾ ਹੈ, ਜਿਸ ਰਾਹੀਂ ਇੱਕ ਮ੍ਰਿਤਕ ਦਾਨੀ ਅੱਠ ਜ਼ਿੰਦਗੀਆਂ ਤੱਕ ਬਚਾ ਸਕਦਾ ਹੈ। ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਉਨ੍ਹਾਂ ਨੂੰ ਅੰਗ ਦਾਨ ਲਈ ਪ੍ਰੇਰਿਤ ਕਰਨਾ, ਇੱਕ ਦਯਾਲੂ ਅਤੇ ਮਜ਼ਬੂਤ ਸਿਹਤ ਪ੍ਰਣਾਲੀ ਬਣਾਉਣ ਵੱਲ ਵੱਡਾ ਕਦਮ ਹੈ।
ਡਾਇਰੈਕਟਰ ਕਿਰਨ ਸ਼ਰਮਾ ਨੇ ਕਿਹਾ ਕਿ “ਇਸ ਤਰ੍ਹਾਂ ਦੇ ਉਦਮ ਅਧਿਕਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਅੰਦਰ ਸਮਾਜ ਪ੍ਰਤੀ ਜ਼ਿੰਮੇਵਾਰੀ ਅਤੇ ਚੇਤਨਾ ਨੂੰ ਹੋਰ ਮਜ਼ਬੂਤ ਕਰਦੇ ਹਨ”।