ਰੇਲਵੇ ਵਿਭਾਗ ਨੇ ਪਾਰਕਿੰਗ ਬਣਾਉਣ ਨੂੰ ਦਿੱਤੀ ਮਨਜ਼ੂਰੀ
ਸੁਨਾਮ : ਭਾਜਪਾ ਜ਼ਿਲ੍ਹਾ ਸੰਗਰੂਰ -2 ਦੀ ਪ੍ਰਧਾਨ ਦਾਮਨ ਬਾਜਵਾ ਦੇ ਯਤਨਾਂ ਤੋਂ ਬਾਅਦ ਸੁਨਾਮ ਵਿਖੇ ਲੋਕਾਂ ਨੂੰ ਟਰੈਫਿਕ ਸਮੱਸਿਆ ਤੋਂ ਰਾਹਤ ਮਿਲੇਗੀ। ਰੇਲਵੇ ਵਿਭਾਗ ਨੇ ਸਟੇਸ਼ਨ ਦੇ ਬਾਹਰ ਬੱਸ ਸਟੈਂਡ ਰੋਡ ਤੇ ਆਪਣੀ ਹਦੂਦ ਅੰਦਰ ਕਾਰ ਪਾਰਕਿੰਗ ਬਣਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ ਅਤੇ ਅੱਜ ਬਕਾਇਦਾ ਇਸ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਸੁਨਾਮ ਵਿਖੇ ਪਾਰਕਿੰਗ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ ਲਈ ਮੌਕੇ ਤੇ ਪੁੱਜੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਕਿਹਾ ਕਿ ਰੇਲਵੇ ਸਟੇਸ਼ਨ ਦੇ ਬਾਹਰ ਕਾਰ ਪਾਰਕਿੰਗ ਬਣਨ ਨਾਲ ਬੱਸ ਸਟੈਂਡ, ਪੁਰਾਣੀ ਅਨਾਜ ਮੰਡੀ, ਕੱਪੜਾ ਮਾਰਕੀਟ, ਨਵਾਂ ਬਾਜ਼ਾਰ ਦੇ ਗਾਹਕਾਂ ਤੇ ਦੁਕਾਨਦਾਰਾਂ ਨੂੰ ਰਾਹਤ ਮਿਲੇਗੀ। ਦਾਮਨ ਬਾਜਵਾ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਪ੍ਰਮਾਤਮਾ ਦੇ ਆਸ਼ੀਰਵਾਦ ਸਦਕਾ ਅਤੇ ਜਨਤਾ ਦੇ ਸਮਰਥਨ ਨਾਲ ਪਹਿਲਾ ਕੰਮ ਨਵਾਂ ਬਾਜ਼ਾਰ (ਟੋਬਾ) ਦੇ ਪਿੱਛੇ ਪਾਰਕਿੰਗ ਬਣਾਉਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਤੋਂ ਸ਼ੁਰੂ ਹੋਏ ਪਾਰਕਿੰਗ ਬਣਾਉਣ ਦਾ ਕੰਮ 30 ਸਤੰਬਰ ਤੱਕ ਪੂਰਾ ਕਰਨ ਦੇ ਆਦੇਸ਼ ਦਿੱਤੇ ਹਨ। ਕਾਰ ਪਾਰਕਿੰਗ ਬਣਾਉਣ ਦਾ ਕੰਮ ਸ਼ੁਰੂ ਕਰਨ ਮੌਕੇ ਪੁੱਜੇ ਵਪਾਰ ਮੰਡਲ ਨੇ ਆਗੂਆਂ ਨਰੇਸ਼ ਕੁਮਾਰ ਭੋਲਾ, ਪਵਨ ਕੁਮਾਰ ਗੁੱਜਰਾਂ, ਅਜੇ ਮਸਤਾਨੀ, ਸੁਰੇਸ਼ ਕੁਮਾਰ ਚੱਕੀ ਵਾਲੇ ਅਤੇ ਸੁਰਜੀਤ ਸਿੰਘ ਆਨੰਦ ਨੇ ਕਿਹਾ ਕਿ ਸੁਨਾਮ ਸ਼ਹਿਰ ਅੰਦਰ ਕਾਰ ਪਾਰਕਿੰਗ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਵਪਾਰੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਨ੍ਹਾਂ ਭਾਜਪਾ ਆਗੂ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ, ਹਿੰਮਤ ਸਿੰਘ ਬਾਜਵਾ, ਰਿਸ਼ੀ ਪਾਲ ਖੇਰਾ, ਸੰਜੇ ਗੋਇਲ, ਅਸ਼ੋਕ ਗੋਇਲ, ਰਜਤ ਸ਼ਰਮਾ, ਸੰਜੀਵ ਸਿੰਘ ਖਾਲਸਾ, ਹਰੀ ਚੰਦ ਛਾਜਲੀ ਵਾਲੇ, ਨਵਾਬ ਨਾਗਰਾ ਸਮੇਤ ਹੋਰ ਮੈਂਬਰ ਹਾਜ਼ਰ ਸਨ।