ਗ਼ਲਤ ਸੂਚਨਾਵਾਂ ਵਾਲ਼ੇ ਦੌਰ ਵਿੱਚ ਤੱਥ ਅਧਾਰਿਤ ਜਾਣਕਾਰੀ ਪ੍ਰਦਾਨ ਕਰਨਾ ਹੈ ਲਾਜ਼ਮੀ : ਡਾ. ਜਗਦੀਪ ਸਿੰਘ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਕੱਲ੍ਹ ਭਾਰਤੀ ਸੈਨਾ ਦੇ ਪ੍ਰਤੀਨਿਧੀਆਂ ਵੱਲੋਂ ਆਪਣੇ ਵਿਸ਼ੇਸ਼ ਆਊਟਰੀਚ ਪ੍ਰੋਗਰਾਮ ਦੇ ਹਿੱਸੇ ਵਜੋਂ 'ਓਪਰੇਸ਼ਨ ਸਿੰਧੂਰ' ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਪੰਜਾਬੀ ਯੂਨੀਵਰਸਿਟੀ ਦੇ ਸੁਰੱਖਿਆ ਅਤੇ ਯੁੱਧ ਨੀਤੀ ਵਿਭਾਗ ਦੇ ਸਹਿਯੋਗ ਨਾਲ਼ ਕਰਵਾਇਆ ਜਿਸ ਵਿੱਚ ਭਾਰਤੀ ਸੈਨਾ ਤੋਂ ਪ੍ਰਤੀਨਿਧ ਬ੍ਰਿਗੇਡੀਅਰ ਪਿਊਸ਼ ਬੱਬਰਵਾਲ ਨੇ 'ਓਪਰੇਸ਼ਨ ਸਿੰਧੂਰ' ਦੇ ਵੱਖ-ਵੱਖ ਪੱਖਾਂ ਬਾਰੇ ਤੱਥ ਅਧਾਰਿਤ ਗੱਲਬਾਤ ਕੀਤੀ। ਉਨ੍ਹਾਂ ਵੱਲੋਂ ਦਿੱਤੀ ਗਈ ਪਾਵਰ ਪ੍ਰੈਜੈਂਟੇਸ਼ਨ ਪੇਸ਼ਕਾਰੀ ਦੌਰਾਨ ਦੱਸਿਆ ਗਿਆ ਕਿ 'ਓਪਰੇਸ਼ਨ ਸਿੰਧੂਰ' ਕਿਸ ਤਰ੍ਹਾਂ ਹੋਂਦ ਵਿੱਚ ਆਇਆ, ਉਹ ਕਿਹੜੀਆਂ ਚੁਣੌਤੀਆਂ ਅਤੇ ਧਮਕੀਆਂ ਸਨ ਜਿਸ ਕਾਰਨ 'ਓਪਰੇਸ਼ਨ ਸਿੰਧੂਰ' ਚਲਾਉਣਾ ਪਿਆ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ 'ਓਪਰੇਸ਼ਨ ਸਿੰਧੂਰ' ਦੀ ਸਫਲਤਾ ਲਈ ਰਣਨੀਤੀ ਬਣਾਈ ਅਤੇ ਕਿਸ ਤਰਾਂ ਦੁਸ਼ਮਣ ਦੇ ਟਿਕਾਣਿਆਂ ਦੀ ਨਿਸ਼ਾਨਦੇਹੀ ਕਰ ਕੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਅਤੇ ਸਫਲਤਾ ਪ੍ਰਾਪਤ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਵਿਸ਼ਵ ਦੀਆਂ ਸਭ ਤੋਂ ਸਮਰੱਥ ਸੈਨਾਵਾਂ ਵਿੱਚੋਂ ਇੱਕ ਸੈਨਾ ਹੈ ਜੋ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ਼ ਨਜਿੱਠਣ ਲਈ ਤਿਆਰ ਬਰ ਤਿਆਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਆਪਣੀ ਸਮਰੱਥਾ ਅਤੇ ਸਮਝਦਾਰੀ ਨਾਲ਼ਮਸਲਿਆਂ ਨੂੰ ਨਜਿੱਠਦੀ ਹੈ।
ਉਪ-ਕੁਲਪਤੀ ਡਾ.ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਹੁਣ ਜਦੋਂ ਅਸੀਂ ਸੂਚਨਾ ਦੀ ਭਰਮਾਰ ਵਾਲ਼ੇ ਦੇ ਦੌਰ ਵਿੱਚ ਜਿਉਂ ਰਹੇ ਹਾਂ ਤਾਂ ਬਹੁਤ ਸਾਰੀਆਂ ਗ਼ਲਤ ਸੂਚਨਾਵਾਂ ਅਤੇ ਜਾਣਕਾਰੀਆਂ ਸਾਡੇ ਇਰਦ ਗਿਰਦ ਘੁੰਮਦੀਆਂ ਰਹਿੰਦੀਆਂ ਹਨ ਜੋ ਸਾਡੇ ਮਨਾਂ ਵਿੱਚ ਬਹੁਤ ਸਾਰੇ ਭਰਮ ਪੈਦਾ ਕਰ ਦਿੰਦੀਆਂ ਹਨ। ਅਜਿਹੀ ਸਥਿਤੀ ਵਿੱਚ 'ਓਪਰੇਸ਼ਨ ਸਿੰਧੂਰ' ਵਰਗੀਆਂ ਅਹਿਮ ਗਤੀਵਿਧੀਆਂ ਬਾਰੇ ਨੌਜਵਾਨਾਂ ਨੂੰ ਤੱਥ ਅਧਾਰਿਤ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਨਾ ਬਹੁਤ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਸ ਪੱਖੋਂ ਭਾਰਤੀ ਸੈਨਾ ਦਾ ਇਹ ਆਊਟਰੀਚ ਪ੍ਰੋਗਰਾਮ ਸ਼ਲਾਘਾਯੋਗ ਹੈ।
ਸੁਰੱਖਿਆ ਅਤੇ ਯੁੱਧ ਨੀਤੀ ਵਿਭਾਗ ਤੋਂ ਪ੍ਰੋ. ਉਮਰਾਓ ਸਿੰਘ ਵੱਲੋਂ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਆਪਣੇ ਵਿਸ਼ੇ ਸੁਰੱਖਿਆ ਤੇ ਯੁੱਧ ਨੀਤੀ ਦੇ ਹਵਾਲੇ ਨਾਲ਼ ਅਹਿਮ ਟਿੱਪਣੀਆਂ ਕੀਤੀਆਂ ਗਈਆਂ। ਉਨ੍ਹਾਂ ਵਿਭਾਗ ਵਿਖੇ ਹੁੰਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ।